ਹੰਭਲਾ ਫਾਉਂਡੇਸ਼ਨ ਦਾ ਇੱਕ ਹੋਰ ਨੇਕ ਉਪਰਾਲਾ
ਨੀਰੂ ਬਾਜਵਾ ਨੇ ਸਰਹੱਦੀ ਇਲਾਕੇ ਦੇ ਗ੍ਰੰਥੀ ਸਿੰਘਾਂ ਨੇ ਤਨਖਾਹ ਦੇਣ ਦਾ ਕੀਤਾ ਐਲਾਨ

ਬਾਲ ਕਿਸ਼ਨ
ਫਿਰੋਜ਼ਪੁਰ, 18 ਸਤੰਬਰ: ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਵੱਲੋਂ ਹੰਭਲਾ ਫਾਉਂਡੇਸ਼ਨ ਪੰਜਾਬ ਦੇ ਰਾਹੀਂ ਹੁਸੈਨੀਵਾਲਾ ਦੇ ਨੇੜਲੇ ਸਰਹੱਦੀ ਪਿੰਡਾਂ ਦੇ ਗੁਰੂ ਘਰਾਂ ਵਿੱਚ ਸੇਵਾ ਨਿਭਾਅ ਰਹੇ ਗ੍ਰੰਥੀ ਸਿੰਘਾਂ ਨੂੰ 5-5 ਰੁਪਏ ਹਜ਼ਾਰ ਤਨਖਾਹ/ ਸੇਵਾ ਭੇਟਾ ਦੇਣ ਦਾ ਐਲਾਨ ਕੀਤਾ ਹੈ। ਇਹ ਸੇਵਾ ਭੇਟਾ ਅਗਲੇ ਛੇ ਮਹੀਨਿਆਂ ਤੱਕ ਜਾਰੀ ਰਹੇਗੀ। ਅੱਜ ਇਥੇ ਹੰਭਲਾ ਫਾਉਂਡੇਸ਼ਨ ਪੰਜਾਬ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਚੱਲ ਰਹੇ ‘ਮੁੜ੍ਹ ਵਸੇਬਾ ਕੈਂਪ’ ਵਿਚ ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਨੀਰੂ ਬਾਜਵਾ ਇੰਟਰਟੇਨਮੈਂਟ ਦੇ ਕੋ ਪਾਰਟਨਰ ਸੰਤੋਸ਼ ਸੁਭਾਸ਼ ਥਿੱਟੇ ਨੇ ਉਕਤ ਸੇਵਾ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਜਿੱਥੇ ਫ਼ਸਲਾਂ ਤੇ ਘਰਾਂ ਦਾ ਨੁਕਸਾਨ ਹੋਇਆ ਹੈ ਓਥੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੀ ਵੀ ਹਾਲਤ ਪਤਲੀ ਹੋਈ ਹੈ, ਜਿੰਨ੍ਹਾ ਦੀ ਦੇਖ ਭਾਲ ਕਰਨ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਹੰਭਲਾ ਫਾਉਂਡੇਸ਼ਨ ਪੰਜਾਬ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜ੍ਹਿੰਗ ਨੇ ਕਿਹਾ ਕਿ ਪਹਿਲਾਂ ਵੀ
ਨੀਰੂ ਬਾਜਵਾ ਵੱਲੋਂ ਹੰਭਲਾ ਫਾਉਂਡੇਸ਼ਨ ਦੇ ਰਾਹੀਂ ਇਹਨਾ ਸਰਹੱਦੀ ਪਿੰਡਾਂ ਦੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਪੂਰੀਆਂ ਫੀਸਾਂ ਦੇਣ ਦਾ ਐਲਾਨ ਕਰ ਚੁੱਕੇ ਹਨ। ਦੱਸ ਦੇਈਏ ਕਿ ਹੰਭਲਾ ਫਾਉਂਡੇਸ਼ਨ ਪੰਜਾਬ ਦੇ ਸੇਵਾਦਾਰਾਂ ਵੱਲੋਂ ਇਹਨਾ ਪਿੰਡਾਂ ਦੇ ਸਰਵੇ ਬਾਅਦ ਇਹ ਨੋਟ ਕੀਤਾ ਸੀ ਕਿ ਗ੍ਰੰਥੀ ਸਿੰਘਾਂ ਦੀ ਆਮਦਨ ਦੇ ਸਰੋਤ ਘੱਟ ਹੋਣ ਕਰਕੇ ਓਹਨਾ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਜਿਸ ਉਪਰੰਤ ਨੀਰੂ ਬਾਜਵਾ ਵੱਲੋਂ ਉਕਤ ਸੇਵਾ ਦੇਣ ਦਾ ਐਲਾਨ ਕੀਤਾ ਹੈ। ਨੀਰੂ ਬਾਜਵਾ ਨੇ ਸੁਨੇਹਾ ਦਿੰਦਿਆ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਆਓ ਅਸੀਂ ਸਭ ਮਿਲ ਕੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਦੁੱਖ ਵੰਡਾਈਏ। ਓਹਨਾ ਹੰੰਭਲਾ ਫਾਊਂਡੇਸ਼ਨ ਦੇ ਇਸ ਭਲੇ ਦੇ ਕੰਮ ਦੀ ਵੀ ਸ਼ਲਾਘਾ ਕੀਤੀ। ਹੰਭਲਾ ਫਾਊਂਡੇਸ਼ਨ ਪੰਜਾਬ ਦੀ ਇਸ ਪਹਿਲਕਦਮੀ ਚੁਫੇਰਿਓਂ ਤਰੀਫ ਹੋ ਰਹੀ ਹੈ। ਇਸ ਮੌਕੇ ਹੰਭਲਾ ਫਾਊਂਡੇਸ਼ਨ ਪੰਜਾਬ ਤੋਂ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਫੌਜੀ ਅੰਗਰੇਜ ਸਿੰਘ ਵੜ੍ਹਵਾਲ, ਅਮਰੀਕ ਸੰਧੂ, ਪੀ ਕੇ, ਤਰਲੋਚਨ ਮੁਸਾਫ਼ਿਰ ਤੇ ਕੰਵਲਜੀਤ ਕੌਰ ਆਦਿ ਹਾਜ਼ਰ ਸਨ।



