ਛੇਹਰਟਾ-ਸਹਿਰਸਾ ’ਚ ਨਵੀਂ ਅੰਮ੍ਰਿਤ ਭਾਰਤ ਹਫ਼ਤਾਵਾਰੀ ਰੇਲ ਸ਼ੁਰੂ
ਸਾਰੀਆਂ ਸਹੂਲਤਾਂ ਨਾਲ ਲੈਸ ਕੀਤੀ ਗਈ ਹੈ ਇਹ ਆਧੁਨਿਕ ਟ੍ਰੇਨ

ਬਾਲ ਕਿਸ਼ਨ
ਫਿਰੋਜ਼ਪੁਰ, 17 ਸਤੰਬਰ : ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਅਤੇ ਆਵਾਜਾਈ ਨੂੰ ਹੋਰ ਵੀ ਆਸਾਨ ਬਣਾਉਣ ਲਈ ਛੇਹਰਟਾ ਅਤੇ ਸਹਿਰਸਾ ਵਿਚਕਾਰ ਇਕ ਨਵੀਂ ‘ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਸੇਵਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਟ੍ਰੇਨ ਦਾ ਮੁੱਖ ਉਦੇਸ਼ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਆਮ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ। ਟ੍ਰੇਨ ਨੰਬਰ 14628 ਛੇਹਰਟਾ ਤੋਂ ਸਹਿਰਸਾ ਲਈ ਹਰ ਸ਼ਨਿਚਰਵਾਰ ਨੂੰ ਚੱਲੇਗੀ। ਇਸ ਦਾ ਰੈਗੂਲਰ ਸੰਚਾਲਨ 20 ਸਤੰਬਰ, 2025 ਤੋਂ ਸ਼ੁਰੂ ਹੋਵੇਗਾ। ਇਹ ਟ੍ਰੇਨ ਛੇਹਰਟਾ ਤੋਂ ਰਾਤ 10.20 ਵਜੇ ਰਵਾਨਾ ਹੋਵੇਗੀ ਅਤੇ ਲਗਭਗ 35 ਘੰਟਿਆਂ ਦੀ ਯਾਤਰਾ ਤੋਂ ਬਾਅਦ ਅਗਲੇ ਐਤਵਾਰ ਸਵੇਰੇ 10 ਵਜੇ ਸਹਿਰਸਾ ਪਹੁੰਚੇਗੀ। ਇਹ ਸੇਵਾ ਯਾਤਰੀਆਂ ਨੂੰ ਆਸਾਨੀ ਨਾਲ ਆਪਣੀ ਮੰਜ਼ਿਲ ’ਤੇ ਪਹੁੰਚਣ ਵਿਚ ਮਦਦ ਕਰੇਗੀ। ਇਸੇ ਤਰ੍ਹਾਂ ਟ੍ਰੇਨ ਨੰਬਰ 14627 ਸਹਰਸਾ ਤੋਂ ਛੇਹਰਟਾ ਲਈ ਹਰ ਸੋਮਵਾਰ ਨੂੰ ਚੱਲੇਗੀ। ਇਸ ਦਾ ਰੈਗੂਲਰ ਸੰਚਾਲਨ 22 ਸਤੰਬਰ 2025 ਤੋਂ ਸ਼ੁਰੂ ਹੋਵੇਗਾ। ਇਹ ਟਰੇਨ ਸਹਿਰਸਾ ਤੋਂ ਦੁਪਹਿਰ 1 ਵਜੇ ਰਵਾਨਾ ਹੋਵੇਗੀ ਅਤੇ ਲਗਭਗ 38 ਘੰਟਿਆਂ ਦੀ ਯਾਤਰਾ ਤੋਂ ਬਾਅਦ ਬੁੱਧਵਾਰ ਸਵੇਰੇ 3.20 ਵਜੇ ਛੇਹਰਟਾ ਪਹੁੰਚੇਗੀ। ਇਹ ਅੰਮ੍ਰਿਤ ਭਾਰਤ ਹਫਤਾਵਾਰੀ ਐਕਸਪ੍ਰੈਸ ਆਪਣੇ ਰਸਤੇ ਵਿਚ ਕਈ ਰੇਲਵੇ ਸਟੇਸ਼ਨਾਂ ’ਤੇ ਠਹਿਰੇਗੀ, ਜਿਨ੍ਹਾਂ ਵਿਚ ਅੰਮ੍ਰਿਤਸਰ, ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜ੍ਹਕੀ, ਮੁਰਾਦਾਬਾਦ, ਚੰਦੌਸੀ, ਸੀਤਾਪੁਰ, ਬੁਢਵਲ, ਗੋਂਡਾ, ਮਨਕਾਪੁਰ, ਬਸਤੀ, ਖਲੀਲਾਬਾਦ, ਗੋਰਖਪੁਰ, ਕਪਤਾਨਗੰਜ, ਸਿਸਵਾ ਬਾਜ਼ਾਰ, ਨਰਕਟਿਆਗੰਜ, ਸਿਕਟਾ, ਰਕਸੌਲ, ਸੀਤਾਮੜੀ, ਸ਼ਿਸ਼ੋ, ਸਕਰੀ, ਝੰਝਾਰਪੁਰ, ਨਿਰਮਲੀ, ਸਰਾਏਗੜ੍ਹ ਅਤੇ ਸੁਪੌਲ ਸ਼ਾਮਲ ਹਨ। ਇਹ ਸਾਰੇ ਪੜਾਅ ਦੋਵਾਂ ਦਿਸ਼ਾਵਾਂ ਵਿਚ ਉਪਲਬੱਧ ਹੋਣਗੇ, ਜਿਸ ਨਾਲ ਇਨ੍ਹਾਂ ਖੇਤਰਾਂ ਦੇ ਯਾਤਰੀਆਂ ਨੂੰ ਵੀ ਲਾਭ ਮਿਲੇਗਾ। ਇਸ ਅੰਮ੍ਰਿਤ ਭਾਰਤ ਹਫਤਾਵਾਰੀ ਐਕਸਪ੍ਰੈਸ ’ਚ ਯਾਤਰੀਆਂ ਲਈ ਆਧੁਨਿਕ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਟ੍ਰੇਨ ਵਿਚ 8 ਸਲੀਪਰ ਕੋਚ, 11 ਜਨਰਲ ਕੋਚ ਤੋਂ ਇਲਾਵਾ ਇਕ ਪੈਂਟਰੀ ਕਾਰ ਦੀ ਸਹੂਲਤ ਵੀ ਉਪਲਬੱਧ ਹੋਵੇਗੀ। ਇਸ ਨਵੀਂ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਪੰਜਾਬ ਅਤੇ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਮਿਲੇਗਾ, ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਆਪਣੇ ਘਰਾਂ ਨੂੰ ਜਾਂਦੇ ਹਨ।



