ਅੱਤਵਾਦੀ ਮਸੂਦ ਦੇ ਵੀਡੀਓ ਦੇਖ ਕੇ ਗੁਰਪ੍ਰੀਤ ਦਾ ਹੋਇਆ ਸੀ ਬ੍ਰੇਨ ਵਾਸ਼
ਪੁਲਿਸ ਅੱਗੇ ਕਬੂਲਿਆ- ਮੁਸਲਮਾਨਾਂ ਲਈ ਕਰਨਾ ਚਾਹੁੰਦਾ ਸੀ ਕੁਰਬਾਨੀ

ਬਠਿੰਡਾ, 14 ਸਤੰਬਰ : ਪਿੰਡ ਜੀਦਾ ਵਿੱਚ ਬੰਬ ਤਿਆਰ ਕਰਨ ਵਾਲੇ ਗੁਰਪ੍ਰੀਤ ਸਿੰਘ ਦਾ ਬ੍ਰੇਨ ਵਾਸ਼ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੀਆਂ ਵੀਡੀਓਜ਼ ਦੇਖ ਕੇ ਹੋਇਆ ਸੀ। ਉਕਤ ਵੀਡੀਓਜ਼ ਦਾ ਉਸ ’ਤੇ ਐਨਾ ਅਸਰ ਸੀ ਕਿ ਕਿ ਉਹ ਅੱਤਵਾਦੀ ਮਸੂਦ ਵਾਂਗ ਸਭ ਕੁਝ ਕਹਿ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹੀ ਘਾਤਕ ਸਮੱਗਰੀ ਕਿਉਂ ਮੰਗਵਾਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਜੰਨਤ ਵਿਚ ਹੂਰਾਂ ਮਿਲਣਗੀਆਂ। ਪੁਲਿਸ ਬਹੁਤ ਹੈਰਾਨ ਹੈ ਕਿ ਸਿੱਖ ਪਰਿਵਾਰ ਦਾ ਮੁੰਡਾ ਜੇਹਾਦੀਆਂ ਵਾਂਗ ਕਿਉਂ ਗੱਲ ਕਰ ਰਿਹਾ ਹੈ। ਹਾਲਾਂਕਿ ਉਸ ਨੂੰ ਸਿੱਖ ਧਰਮ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਉਹ ਹਰ ਰੋਜ਼ ਸਵੇਰੇ ਜਪੁਜੀ ਸਾਹਿਬ ਦਾ ਪਾਠ ਵੀ ਕਰਦਾ ਹੈ। ਉਸ ਨੇ ਬੰਬ ਬਣਾਉਣ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਵੀ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਇਕ ਮੁਸਲਿਮ ਨਾਂ ਨਾਲ ਫੇਸਬੁੱਕ ਆਈਡੀ ਵੀ ਬਣਾਈ ਸੀ। ਸ਼ੁਰੂਆਤੀ ਪੁੱਛਗਿੱਛ ਵਿੱਚ ਗੁਰਪ੍ਰੀਤ ਨੇ ਕਿਹਾ ਕਿ ਕਸ਼ਮੀਰ ਵਿੱਚ ਮੁਸਲਮਾਨਾਂ ਨਾਲ ਬਹੁਤ ਕੁਝ ਮਾੜਾ ਹੋ ਰਿਹਾ ਹੈ। ਭਾਰਤੀ ਫੌਜ ਕਸ਼ਮੀਰੀਆਂ ਦੀਆਂ ਧੀਆਂ ਨੂੰ ਅਗਵਾ ਕਰਦੀ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਨਾਲ ਸਾਨੂੰ ਜੰਨਤ ਵਿਚ ਹੂਰਾਂ ਨਸੀਬ ਹੋਣਗੀਆਂ ਅਤੇ ਦੁੱਧ ਦੀਆਂ ਨਦੀਆਂ ਮਿਲਣਗੀਆਂ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਜੇਹਾਦੀਆਂ ਵਾਂਗ ਕਿਉਂ ਗੱਲ ਕਰ ਰਿਹਾ ਹੈ, ਤਾਂ ਉਸ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਮਾਨਸਿਕ ਤੌਰ ’ਤੇ ਬਿਮਾਰ ਹੈ ਅਤੇ ਉਸ ਦਾ ਇਲਾਜ ਚੰਡੀਗੜ੍ਹ ਵਿੱਚ ਚੱਲ ਰਿਹਾ ਸੀ ਪਰ ਵਿਚਕਾਰ ਹੀ ਇਲਾਜ ਬੰਦ ਕਰ ਦਿੱਤਾ ਗਿਆ ਸੀ।
ਗੁਰਪ੍ਰੀਤ ਨੂੰ ਸ਼ੁਰੂ ਤੋਂ ਹੀ ਕੈਮਿਸਟਰੀ ਦਾ ਬਹੁਤ ਸ਼ੌਕ ਸੀ। ਉਹ ਆਪਣੇ ਘਰ ਵਿੱਚ ਕੈਮਿਸਟਰੀ ਲੈਬ ਬਣਾਉਣਾ ਚਾਹੁੰਦਾ ਸੀ। ਇਸੇ ਲਈ ਉਹ ਯੂਟਿਊਬ ’ਤੇ ਕੈਮਿਸਟਰੀ ਵੀਡੀਓ ਦੇਖਦਾ ਸੀ। ਉਸ ਨੇ ਕੁਝ ਵੀਡੀਓ ਦੇਖੇ ਪਰ ਬਾਅਦ ਵਿੱਚ ਉਸ ਨੇ ਉਨ੍ਹਾਂ ਨੂੰ ਬਹੁਤ ਲੱਭਿਆ ਪਰ ਉਹ ਨਹੀਂ ਲੱਭ ਸਕੇ। ਉਸ ਨੇ ਯੂਟਿਊਬ ਵਿੱਚ ਡੂੰਘਾਈ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਕਿ ਡਿਲੀਟ ਕੀਤੇ ਵੀਡੀਓ ਕਿੱਥੇ ਮਿਲ ਸਕਦੇ ਹਨ। ਉਨ੍ਹਾਂ ਵੀਡੀਓਜ਼ ਦੀ ਖੋਜ ਕਰਦੇ ਹੋਏ ਉਹ ਉਸ ਜਗ੍ਹਾ ’ਤੇ ਪਹੁੰਚ ਗਿਆ ਜਿੱਥੇ ਸਾਰੇ ਡਿਲੀਟ ਕੀਤੇ ਵੀਡੀਓ ਮੌਜੂਦ ਸਨ। ਇਨ੍ਹਾਂ ਵੀਡੀਓਜ਼ ਵਿੱਚ ਉਸ ਨੂੰ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੀਆਂ ਵੀਡੀਓ ਵੀ ਮਿਲੀਆਂ। ਉਸ ਨੇ ਸਾਰੀਆਂ ਵੀਡੀਓਜ਼ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ਇਹ ਵੀਡੀਓਜ਼ ਨੂੰ ਦੇਖਣ ਦਾ ਪ੍ਰਭਾਵ ਇਹ ਹੋਇਆ ਕਿ ਉਸ ਦਾ ਦਿਮਾਗ਼ ਬਦਲ ਗਿਆ ਅਤੇ ਉਹ ਮਸੂਦ ਦੀਆਂ ਗੱਲਾਂ ਨੂੰ ਸੱਚ ਮੰਨਣ ਲੱਗ ਪਿਆ। ਉਸ ਨੂੰ ਵਿਸ਼ਵਾਸ ਹੋਣ ਲੱਗ ਪਿਆ ਕਿ ਕਸ਼ਮੀਰ ਵਿੱਚ ਮੁਸਲਿਮ ਕੁੜੀਆਂ ਨਾਲ ਬਲਾਤਕਾਰ ਭਾਰਤੀ ਫੌਜ ਦੇ ਜਵਾਨ ਕਰ ਰਹੇ ਹਨ। ਇਸ ਕਾਰਨ ਉਸ ਨੂੰ ਕਸ਼ਮੀਰ ਵਿੱਚ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ।
ਪੰਜ ਖ਼ਤਰਨਾਕ ਕੈਮੀਕਲਾਂ ਨੂੰ ਮਿਲਾ ਕੇ ਤਿਆਰ ਕਰ ਰਿਹਾ ਸੀ ਬੰਬ
ਪੁਲਿਸ ਵੱਲੋਂ ਬਰਾਮਦ ਕੀਤੇ ਗਏ ਕੈਮੀਕਲ ਹੈਰਾਨ ਕਰਨ ਵਾਲੇ ਹਨ, ਕਿਉਂਕਿ ਅਜਿਹੇ ਕੈਮੀਕਲਾਂ ਦੀ ਵਰਤੋਂ ਉੱਚ ਘਣਤਾ ਵਾਲੇ ਬੰਬਾਂ ਵਿੱਚ ਕੀਤੀ ਜਾਂਦੀ ਹੈ। ਗੁਰਪ੍ਰੀਤ ਦੇ ਘਰੋਂ ਬਰਾਮਦ ਕੈਮੀਕਲਾਂ ਵਿੱਚ ਪਿਕਰਿਕ ਐਸਿਡ, ਅਮੋਨੀਅਮ ਨਾਈਟ੍ਰੇਟ, ਅਮੋਨੀਅਮ ਸਲਫੇਟ, ਲੈੱਡ ਨਾਈਟ੍ਰੇਟ ਅਤੇ ਫਾਸਫੋਰਸ ਪੈਂਟੌਕਸਾਈਟ ਆਦਿ ਸ਼ਾਮਲ ਹਨ। ਜਦੋਂ ਪੁਲਿਸ ਨੇ ਗੁਰਪ੍ਰੀਤ ਦੀ ਪੜ੍ਹਾਈ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਸਕੂਲ ਤੋਂ ਪੜ੍ਹਿਆ ਹੈ। ਉਸ ਨੇ 12ਵੀਂ ਜਮਾਤ ਕਾਮਰਸ ਨਾਲ ਕੀਤੀ ਹੈ ਜਦੋਂ ਕਿ ਉਸ ਦੀ ਦਿਲਚਸਪੀ ਕੈਮਿਸਟਰੀ ਵਿੱਚ ਸੀ। ਕੈਮਿਸਟਰੀ ਵਿੱਚ ਉਸ ਦੀ ਦਿਲਚਸਪੀ ਕਾਰਨ ਉਸ ਨੇ ਇਨ੍ਹਾਂ ਕੈਮੀਕਲਾਂ ਨੂੰ ਮਿਲਾ ਕੇ ਬੰਬ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਧਮਾਕਾ ਹੋਣ ਕਾਰਨ ਉਹ ਜ਼ਖਮੀ ਹੋ ਗਿਆ। ਮਾਮਲੇ ਦੀਆਂ ਤਾਰਾਂ ਪਾਕਿਸਤਾਨੀ ਅੱਤਵਾਦੀਆਂ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ।
ਐੱਨਆਈਏ ਵੀ ਕਰੇਗੀ ਜਾਂਚ
ਚੌਥੇ ਦਿਨ ਵੀ ਜੀਦਾ ਪਿੰਡ ਵਿੱਚ ਵੱਖ-ਵੱਖ ਟੀਮਾਂ ਜਾਂਚ ਵਿੱਚ ਰੁੱਝੀਆਂ ਹੋਈਆਂ ਹਨ। ਵਿਸਫੋਟਕ ਪਦਾਰਥ ਨੂੰ ਨਸ਼ਟ ਕਰਨ ਲਈ ਬੰਬ ਵਿਰੋਧੀ ਦਸਤਾ, ਪੀਏਪੀ ਦੀ ਰਿਮੋਟ ਸੰਚਾਲਿਤ ਤਕਨਾਲੋਜੀ ਦੀ ਵਰਤੋਂ ਕਰਕੇ ਰੋਬੋਟਾਂ ਰਾਹੀਂ ਘਰ ਅੰਦਰ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅਜਿਹਾ ਖ਼ਤਰਨਾਕ ਪਦਾਰਥ ਹੋਰ ਵੀ ਹੋ ਸਕਦਾ ਹੈ। ਪਿਛਲੇ ਤਿੰਨ ਦਿਨਾਂ ਵਿਚ ਟੀਮਾਂ ਧਮਾਕਾਖੇਜ ਸਮੱਗਰੀ ਨੂੰ ਨਸ਼ਟ ਨਹੀਂ ਕਰ ਸਕੀਆਂ। ਇਨ੍ਹਾਂ ਤੋਂ ਇਲਾਵਾ ਆਈਬੀ, ਕਾਊਂਟਰ ਇੰਟੈਲੀਜੈਂਸ ਵੀ ਜਾਂਚ ਵਿੱਚ ਰੁੱਝੀ ਹੋਈ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਗਲੇ ਦਿਨਾਂ ਵਿਚ ਐੱਨਆਈਏ ਟੀਮ ਵੀ ਬਠਿੰਡੇ ਪਹੁੰਚ ਸਕਦੀ ਹੈ।
ਪੁਲਿਸ ਲਈ ਵੱਡਾ ਸਵਾਲ, ਕੈਮੀਕਲ ਕਿੱਥੋਂ ਆਏ
ਹਾਲਾਂਕਿ ਗੁਰਪ੍ਰੀਤ ਦੇ ਮੋਬਾਈਲ ਤੋਂ ਪੁਲਿਸ ਨੂੰ ਮਿਲੇ ਰਿਕਾਰਡ ਅਨੁਸਾਰ ਮੁਲਜ਼ਮ ਨੇ ਇਹ ਕੈਮੀਕਲ ਆਨਲਾਈਨ ਆਰਡਰ ਕੀਤੇ ਸਨ ਪਰ ਅਜਿਹੇ ਘਾਤਕ ਕੈਮੀਕਲ ਦੀ ਆਨਲਾਈਨ ਡਿਲੀਵਰੀ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਪੁਲਿਸ ਇਸ ਮਾਮਲੇ ਦੀ ਤਹਿ ਤਕ ਜਾਣ ਲਈ ਜੁਟੀ ਹੋਈ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਫੋਰੈਂਸਿਕ ਟੀਮ ਦੀ ਜਾਂਚ ਰਿਪੋਰਟ ਦੀ ਉਡੀਕ ਕਰ ਰਹੇ ਹਨ।



