Punjab

ਤਲਵਾਰ ਨਾਲ ਵਾਰ ਕਰ ਕੇ ਰਾਹਗੀਰ ਲੁੱਟਿਆ, 2 ਅੜਿੱਕੇ

ਲੁਧਿਆਣਾ, 31 ਅਗਸਤ : ਹਥਿਆਰਾਂ ਨਾਲ ਲੈਸ 3 ਵਿਅਕਤੀਆਂ ਨੇ ਬਾਜ਼ਾਰ ਜਾ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਉਸ ’ਤੇ ਤਲਵਾਰ ਨਾਲ ਵਾਰ ਕਰ ਕੇ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਨੌਜਵਾਨ ਕੋਲੋਂ ਉਸ ਦੇ ਯੂਪੀਆਈ ਦਾ ਪਾਸਵਰਡ ਹਾਸਲ ਕਰ ਕੇ ਇੱਕ ਔਰਤ ਦੇ ਖਾਤੇ ’ਚ ਨਕਦੀ ਟ੍ਰਾਂਸਫਰ ਕਰ ਦਿੱਤੀ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ ਸੰਗੋਵਾਲ ਇਲਾਕੇ ਦੇ ਰਹਿਣ ਵਾਲੇ ਹਰਜੀਤ ਸਿੰਘ ਦੀ ਸ਼ਿਕਾਇਤ ’ਤੇ 3 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਇਹ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ 4 ਵਜੇ ਦੇ ਕਰੀਬ ਉਹ ਖਰੀਦਾਰੀ ਕਰਨ ਲਈ ਬਾਜ਼ਾਰ ਜਾ ਰਿਹਾ ਸੀ। ਮੋਟਰਸਾਈਕਲ ਸਵਾਰ ਹਰਜੀਤ ਜਿਵੇਂ ਹੀ ਪਿੰਡ ਸੰਗੋਵਾਲ ਦੀ ਮਲੋਤਰਾ ਕਾਲੋਨੀ ਦੇ ਲਾਗੇ ਪਹੁੰਚਿਆ ਤਾਂ ਸਪਲੈਂਡਰ ਮੋਟਰਸਾਈਕਲ ’ਤੇ ਆਏ ਤਿੰਨ ਲੜਕਿਆਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਹਰਜੀਤ ਸਿੰਘ ਕੋਲੋਂ ਮੋਬਾਈਲ ਤੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਉਸ ਨੇ ਜਿਵੇਂ ਹੀ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੱਥਰੀ ਦੀ ਬਿਮਾਰੀ ਤੋਂ ਪੀੜਤ ਹਰਜੀਤ ਬੇਹੱਦ ਘਬਰਾ ਗਿਆ ਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ’ਚੋਂ ਇੱਕ ਨੇ ਹਰਜੀਤ ਦੀ ਖੱਬੀ ਬਾਂਹ ’ਤੇ ਤਲਵਾਰ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਫੱਟੜ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੀ ਜੇਬ ’ਚੋਂ 10 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਇਲ ਫੋਨ ਨੂੰ ਲੁੱਟ ਲਿਆ। ਕੁੱਟਮਾਰ ਕਰਦੇ ਹੋਏ ਮੁਲਜ਼ਮਾਂ ਨੇ ਹਰਜੀਤ ਸਿੰਘ ਕੋਲੋਂ ਉ ਸਦੇ ਯੂਪੀਆਈ ਦਾ ਪਾਸਵਰਡ ਲੈ ਲਿਆ। ਇਸੇ ਦੌਰਾਨ ਇੱਕ ਮੁਲਜ਼ਮ ਨੇ ਰੀਤੂ ਦੇਵੀ ਨਾਂ ਦੇ ਖਾਤੇ ’ਚ 7200 ਦੀ ਰਕਮ ਟਰਾਂਸਫਰ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਵੀਰਾਨ ਥਾਂ ’ਤੇ ਹੋਈ ਇਸ ਵਾਰਦਾਤ ਦੇ ਕੁਝ ਸਮੇਂ ਬਾਅਦ ਜਿਵੇਂ ਹੀ ਕੁੱਝ ਵਿਅਕਤੀ ਉਥੋਂ ਗੁਜ਼ਰੇ ਤਾਂ ਉਨ੍ਹਾਂ ਹਰਜੀਤ ਦੀ ਮਦਦ ਕਰ ਕੇ ਉਸ ਨੂੰ ਹਸਪਤਾਲ ਤੱਕ ਪਹੁੰਚਾਇਆ। ਜ਼ਖਮੀ ਨੌਜਵਾਨ ਦੀ ਬਾਂਹ ’ਤੇ ਕਈ ਟਾਂਕੇ ਲੱਗੇ। ਇਲਾਜ ਕਰਵਾਉਣ ਤੋਂ ਬਾਅਦ ਹਰਜੀਤ ਸਿੰਘ ਨੇ ਆਪਣੇ ਜ਼ਰੀਏ ਪੜਤਾਲ ਕੀਤੀ ਤੇ ਉਸ ਨੂੰ ਪਤਾ ਲੱਗਾ ਕਿ ਰੀਤੂ ਦੇਵੀ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ’ਚ ਹੈ। ਉਹ ਬੈਂਕ ਗਿਆ ਤੇ ਰੀਤੂ ਦਾ ਪਤਾ ਹਾਸਲ ਕਰ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਬਾਕਸ– ਇਸੇ ਥਾਂ ’ਤੇ ਲੁੱਟਿਆ ਇੱਕ ਹੋਰ ਨੌਜਵਾਨ ਹਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ 3 ਬਦਮਾਸ਼ਾਂ ਨੇ ਇੱਕ ਹੋਰ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਇਸੇ ਜਗ੍ਹਾ ’ਤੇ ਉਸ ਕੋਲੋਂ ਨਕਦੀ ਤੇ ਮੋਬਾਇਲ ਫੋਨ ਲੁੱਟਿਆ ਸੀ। ਉਧਰੋਂ ਇਸ ਮਾਮਲੇ ’ਚ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਰਜੀਤ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਲਿਆ ਹੈ। ਬਾਕਸ– ਮੁਲਜ਼ਮਾਂ ਦੀ ਹੋਈ ਸ਼ਨਾਖਤ ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ’ਚ ਆਜ਼ਾਦ ਨਗਰ ਦੇ ਰਹਿਣ ਵਾਲੇ ਜਗਜੀਤ ਸਿੰਘ, ਸ਼ਿਮਲਾਪੁਰੀ ਬਰੋਟਾ ਰੋਡ ਵਾਸੀ ਧਰੁਵ ਕੁਮਾਰ ਤੇ ਲਵੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਜਲਦੀ ਹੀ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button