
ਲੁਧਿਆਣਾ, 31 ਅਗਸਤ : ਪੁਲਿਸ ਪ੍ਰਸ਼ਾਸਨ ਵੱਲੋਂ ਗਲੀਆਂ ਮੁਹੱਲਿਆਂ ’ਚ ਵੀ ਪੈਟਰੋਲੀਅਿੰਗ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰਦੇ ਹੋਏ ਬੇਖੌਫ ਬਦਮਾਸ਼ਾਂ ਵੱਲੋਂ ਲਗਾਤਾਰ ਲੁੱਟਾਂ ਤੇ ਚੋਰੀ ਦੀਆਂ ਵਾਰਦਾਤਾਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਦੇਰ ਸ਼ਾਮ ਬਦਮਾਸ਼ਾਂ ਨੇ ਸਥਾਨਕ ਅਜੀਤ ਸਿੰਘ ਕਾਲੋਨੀ ’ਚ ਦਿਨ-ਦਿਹਾੜੇ ਇੱਕ ਔਰਤ ਨੂੰ ਘਰ ਅੰਦਰ ਵੜ ਕੇ ਸ਼ਿਕਾਰ ਬਣਾਇਆ ਅਤੇ ਉਸ ਦੇ ਗਲੇ ’ਚ ਪਾਇਆ ਸੋਨੇ ਦਾ ਮੰਗਲ ਸੂਤਰ ਲੁੱਟ ਕੇ ਆਰਾਮ ਨਾਲ ਨਿਕਲ ਗਏ। ਵਾਰਦਾਤ ਮਗਰੋਂ ਪੀੜਤ ਔਰਤ ਨੇ ਰੌਲਾ ਪਾ ਕੇ ਆਢੀਆਂ-ਗੁਆਂਢੀਆਂ ਨੂੰ ਸੱਦਿਆ ਤਾਂ ਉਕਤ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਸਥਾਨਕ ਅਜੀਤ ਸਿੰਘ ਕਾਲੋਨੀ ’ਚ ਰਹਿਣ ਵਾਲੀ ਮਾਧੁਰੀ ਨਾਂ ਦੀ ਔਰਤ ਨੂੰ ਬਦਮਾਸ਼ਾਂ ਨੇ ਦੇਰ ਸ਼ਾਮ ਨਿਸ਼ਾਨਾ ਬਣਾਇਆ, ਜਦੋਂ ਉਹ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਸੀ। ਮਾਧੁਰੀ ਮੁਤਾਬਕ ਅਜੇ ਉਹ ਘਰ ਤੋਂ ਕੁਝ ਕਦਮ ਦੂਰੀ ’ਤੇ ਹੀ ਖੜਵਈ ਸੀ ਕਿ ਕਾਲੇ ਰੰਗ ਦੀ ਐਕਟਿਵਾ ’ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਨਜ਼ਦੀਕ ਆ ਕੇ ਐਕਟਿਵਾ ਰੋਕ ਲਈ। ਇੱਕ ਨੌਜਵਾਨ ਨੇ ਮਾਧੁਰੀ ਕੋਲੋਂ 10 ਨੰਬਰ ਗਲੀ ’ਚ ਕਿਸੇ ਦਾ ਪਤਾ ਪੁੱਛਿਆ ਪਰ ਮਾਧੁਰੀ ਨੇ ਇਸ ਪਤੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਆਪਣੇ ਘਰ ਵੱਲ ਨੂੰ ਤੁਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਐਕਟਿਵਾ ਸਵਾਰਾਂ ’ਚੋਂ ਇੱਕ ਐਕਟਿਵਾ ਤੋਂ ਉਤਰਿਆ ਤੇ ਗੱਲ ਕਰਦੇ ਕਰਦੇ ਮਾਧੁਰੀ ਦੇ ਪਿੱਛੇ ਤੁਰ ਪਿਆ। ਪੀੜਤਾ ਆਪਣੇ ਘਰ ਦੇ ਗੇਟ ਵੱਲ ਚੱਲ ਪਈ ਤਾਂ ਬਦਮਾਸ਼ ਨੇ ਘਰ ਵੜਦੇ ਹੋਈ ਮਾਧੁਰੀ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਘਰ ਅੰਦਰ ਹੀ ਲੈ ਗਿਆ ਤੇ ਉਸ ਦੇ ਆਪਣੇ ਘਰ ’ਚ ਖੜ੍ਹੇ ਹੋ ਕੇ ਗਲ ’ਚ ਪਾਇਆ ਮੰਗਲ ਸੂਤਰ ਖੋਹ ਲਿਆ। ਆਪਣੇ ਹੀ ਘਰ ’ਚ ਬਦਮਾਸ਼ਾਂ ਵੱਲੋਂ ਅੰਜਾਮ ਦਿੱਤੀ ਵਾਰਦਾਤ ਤੋਂ ਦਹਿਸ਼ਤਜਦਾ ਮਾਧੁਰੀ ਘਬਰਾ ਗਈ ਤੇ ਉਸ ਦੇ ਮੂੰਹ ’ਚੋਂ ਮਦਦ ਲਈ ਆਵਾਜ਼ ਤੱਕ ਨਾ ਨਿਕਲੀ। ਇਸ ਦੌਰਾਨ ਬਦਮਾਸ਼ ਉਸ ਦਾ ਮੰਗਲ ਸੂਤਰ ਖੋਹ ਕੇ ਐਕਟਿਵਾ ’ਤੇ ਬੈਠਾ ਤੇ ਦੋਨੋਂ ਮੌਕੇ ਤੋਂ ਨਿਕਲ ਗਏ। ਪੀੜਤਾ ਨੇ ਬਾਅਦ ’ਚ ਆਪਣੇ ਆਢੀਆਂ-ਗੁਆਂਢੀਆਂ ਨੂੰ ਸੱਦਿਆ ਤੇ ਬਦਮਾਸ਼ਾਂ ਦੇ ਫਰਾਰ ਹੋਣ ਵਾਲੇ ਰੂਟ ਤੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕਰਨ ਲਈ ਮੁਸ਼ੱਕਤ ਤੇ ਸ਼ੁਰੂ ਕਰ ਦਿੱਤੀ। ਬਾਕਸ– ਘਰਾਂ ’ਚ ਵੀ ਸੁਰੱਖਿਅਤ ਨਹੀਂ ਔਰਤਾਂ ਬੇਖੌਫ ਬਦਮਾਸ਼ਾ ਵੱਲੋਂ ਜਿਸ ਢੰਗ ਨਾਲ ਘਰਾਂ ’ਚ ਵੜ ਕੇ ਔਰਤਾਂ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਉਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਨਾ ਤਾਂ ਬਦਮਾਸ਼ਾਂ ਨੂੰ ਪੁਲਿਸ ਜਾ ਕਾਨੂੰਨ ਦਾ ਕੋਈ ਡਰ ਹੈ ਤੇ ਨਾ ਹੀ ਅੱਜ ਔਰਤਾਂ ਆਪਣੇ ਘਰ ’ਚ ਸੁਰੱਖਿਆ ਹਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਥਾਨਕ ਦੁਰਗਾਪੁਰੀ ਹੈਬੋਵਾਲ ਦੇ ਨਜ਼ਦੀਕ ਦੋਪਹੀਆ ਵਾਹਨ ਸਵਾਰ ਦੋ ਬਦਮਾਸ਼ਾਂ ਨੇ ਆਪਣੇ ਘਰ ਦੇ ਬਾਹਰ ਗੁਆਂਢੀਆਂ ਨਾਲ ਬੈਠੀ ਔਰਤ ਦੇ ਕੰਨਾਂ ’ਚੋਂ ਵਾਲੀਆਂ ਝਪਟਣ ਦੀ ਵਾਰਦਾਤ ਅੰਜਾਮ ਦਿੱਤੀ ਸੀ ਤੇ ਕੁਝ ਦਿਨ ਬਾਅਦ ਹੀ ਨਵੀਨ ਨਗਰ ਜੱਸੀਆਂ ਰੋਡ ਇਲਾਕੇ ’ਚ ਆਪਣੇ ਘਰ ਦੇ ਬਾਹਰ ਖੜ੍ਹੀ ਬਜ਼ੁਰਗ ਔਰਤ ਕੋਲੋਂ ਪਤਾ ਪੁੱਛਣ ਬਹਾਨੇ ਰੁਕੇ 2 ਬਦਮਾਸ਼ਾਂ ਨੇ ਕੰਨਾਂ ਦੀਆਂ ਵਾਲੀਆਂ ਲੁੱਟ ਲਈਆਂ ਸਨ। ਸੁੰਨੇ ਰਾਹਾਂ ਤੇ ਵਾਰਦਾਤਾਂ ਕਰਨ ਵਾਲੇ ਬਦਮਾਸ਼ ਹੁਣ ਗਲੀਆਂ ਮੁਹੱਲਿਆਂ ’ਚ ਲੋਕਾਂ ਦੇ ਘਰ ਅੰਦਰ ਵੜ ਕੇ ਤਾਬੜਤੋੜ ਲੁੱਟਾਂ-ਖੋਹਾਂ ਅੰਜਾਮ ਦੇ ਰਹੇ ਹਨ, ਜਿਸ ਤੋਂ ਆਮ ਲੋਕ ਖਾਸੇ ਦਹਿਸ਼ਤਜਦਾ ਮਹਿਸੂਸ ਕਰ ਰਹੇ ਹਨ।



