Punjab

ਜ਼ਿਲ੍ਹੇ ਦੇ 100 ਦੇ ਕਰੀਬ ਪਿੰਡ ਹੜਾਂ ਨਾਲ ਹੋਏ ਪ੍ਰਭਾਵਿਤ, 3000 ਤੋਂ ਵੱਧ ਹੜ ਪੀੜਤਾਂ ਨੂੰ ਕੀਤਾ ਗਿਆ ਰੈਸਕਿਊ -ਡਿਪਟੀ ਕਮਿਸ਼ਨਰ

ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਰਮੀ, ਬੀ.ਐੱਸ.ਐਫ. ਤੇ ਐਨ.ਡੀ.ਆਰ.ਐਫ., ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਦਿਨ ਰਾਤ ਹੜ੍ਹ ਪ੍ਰਭਾਵਿਤਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ

ਜਸਵਿੰਦਰ ਸਿੰਘ ਸੰਧੂ/ ਬਾਲ ਕਿਸ਼ਨ

ਫ਼ਿਰੋਜ਼ਪੁਰ, 29 ਅਗਸਤ : ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ `ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਰੀਬ 100 ਪਿੰਡਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਆਰਮੀ, ਐਨਡੀਆਰਐਫ, ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ 3000 ਦੇ ਕਰੀਬ ਹੜ ਪੀੜਤਾਂ ਨੂੰ ਰੈਸਕਿਊ ਕੀਤਾ ਗਿਆ ਹੈ। ਜ਼ਿਲੇ ਵਿੱਚ ਬਣਾਏ ਗਏ ਰਾਹਤ ਕੈਂਪਾਂ ਦੇ ਵਿੱਚ 350 ਦੇ ਕਰੀਬ ਹੜ ਪੀੜਤਾਂ ਨੂੰ ਲੰਗਰ ਅਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 3000 ਦੇ ਕਰੀਬ ਹੜ ਪ੍ਰਭਾਵਿਤਾਂ ਨੂੰ ਸੁੱਕਾ ਰਾਸ਼ਨ ਵੀ ਮੁਹੱਈਆ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੇ ਨਾਲ ਸਹਾਇਤਾ ਕਰਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਹੁਣ ਤੱਕ 10-10 ਲੱਖ ਰੁਪਏ ਐਸਡੀਐਮਸ ਨੂੰ ਪਹਿਲਾਂ ਜਾਰੀ ਕੀਤੇ ਗਏ ਸੀ ਅਤੇ 20-20 ਲੱਖ ਰੁਪਏ ਦਾ ਫੰਡ ਹੋਰ ਜਾਰੀ ਕੀਤ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਐਨਡੀਆਰਐਫ, ਆਰਮੀ ਅਤੇ ਬੀਐਸਐਫ ਦੀਆਂ ਟੀਮਾਂ ਵੱਲੋਂ ਕਿਸ਼ਤੀਆਂ ਅਤੇ ਹੋਰ ਸਾਧਨਾਂ ਰਾਹੀਂ ਪਾਣੀ ਦੇ ਚਪੇਟ ਦੇ ਵਿੱਚ ਪੂਰੀ ਤਰ੍ਹਾਂ ਨਾਲ ਫਸੇ ਹੋਏ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਪਿੰਡ ਰੁਕਨੇ ਵਾਲਾ, ਗਜਨੀ ਵਾਲਾ, ਕਾਲੂ ਵਾਲਾ, ਟੈਂਡੀ ਵਾਲਾ ਵਿਖੇ ਵੀ ਰਾਹਤ ਕਾਰਜ ਜਾਰੀ ਹਨ। ਪਿੰਡ ਰੁਕਨੇ ਵਾਲਾ, ਨਿਹਾਲਾ ਲਵੇਰਾ, ਬੱਗੇ ਵਾਲਾ ਸਮੇਤ ਵੱਖ-ਵੱਖ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਮੈਡੀਕਲ ਕੈਂਪ ਵੀ ਲਗਾਏ ਗਏ ਹਨ। ਪਿੰਡ ਰੁਕਨੇ ਵਾਲਾ ਵਿਖੇ 5 ਬੋਟਾਂ ਦੀ ਸਹਾਇਤਾ ਦੇ ਨਾਲ 100 ਦੇ ਕਰੀਬ ਪਾਣੀ ਵਿੱਚ ਘਿਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਪਿੰਡ ਦੁਲਚੀ ਕੇ ਅਤੇ ਮੁਹੰਮਦ ਵਾਲਾ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ ਫੀਡ ਅਤੇ ਹੋਰ ਮੁੱਢਲੀ ਸਹਾਇਤਾ ਮੁਹਈਆ ਕਰਵਾਈ ਗਈ। ਪਿੰਡ ਗੱਟੀ ਰਾਜੋ ਕੇ ਵਿਖੇ ਵੀ ਵੈਟਰਨਰੀ ਟੀਮਾਂ ਵੱਲੋਂ ਪਸ਼ੂਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਪਿੰਡ ਨਿਹਾਲੇ ਵਾਲਾ ਅਤੇ ਧੀਰਾ ਘਾਰਾ ਵਿਖੇ ਐਨਡੀਆਰਐਫ ਟੀਮ ਵੱਲੋਂ ਬੋਟ ਰਾਹੀਂ ਹੜ ਪੀੜਤਾਂ ਨੂੰ ਬਾਹਰ ਕੱਢਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੋਟ ਰਾਹੀਂ ਇਕ ਗਰਭਵਤੀ ਮਹਿਲਾ ਦੀ ਮੈਡੀਕਲ ਸਹਾਇਤਾ ਕੀਤੀ ਗਈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਅਤੇ ਮਲੇਰੀਆ ਦੇ ਬਚਾਅ ਦੇ ਲਈ ਗਨੇਸ਼ਾ ਵਾਲਾ, ਨਿਹਾਲਾ ਕਿਲਚਾ, ਦੋਨਾਂ ਮੱਤੜ ਸਮੇਤ ਹੋਰ ਪਿੰਡਾਂ ਵਿੱਚ ਵੀ ਸਪਰੇ ਕੀਤਾ ਗਿਆ। ਆਰਮੀ ਵੱਲੋਂ ਪਿੰਡ ਕਾਲੂਵਾਲਾ ਵਿਖੇ ਚਾਰ ਹੜ ਪੀੜਤਾਂ ਨੂੰ ਰੈਸਕਿਊ ਕੀਤਾ ਗਿਆ, ਪਿੰਡ ਫਤਿਹਗੜ੍ਹ ਸਬਰਾ ਵਿਖੇ ਵੀ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐਸਐਸਪੀ ਸ. ਭੁਪਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਾਹਤ ਕਾਰਜਾਂ ਵਿੱਚ ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਦਾ ਸਹਿਯੋਗ ਕਰਨ ਅਤੇ ਆਪਣੇ ਮਾਲ ਡੰਗਰ ਸਮੇਤ ਸੁਰੱਖਿਅਤ ਥਾਵਾਂ ਤੇ ਆਉਣ। ਹੜ੍ਹਾਂ ਸਬੰਧੀ ਹੰਗਾਮੀ ਸਥਿਤੀ ਵਿੱਚ ਕੰਟਰੋਲ ਰੂਮ ਦੇ ਨੰਬਰ 01632-244017 `ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਰਾਬਤਾ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button