ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਦੌਰਾ
ਕੇਂਦਰ ਦੀ ਮੋਦੀ ਹਕੂਮਤ ਤੇ ਪੰੰਜਾਬ ਸਰਕਾਰ ਦੀਆਂ ਅਣਗਹਿਲੀਆਂ ਕਾਰਣ ਸੂਬੇ ਦੇ ਹਾਲਾਤ ਤਰਸਯੋਗ ਬਣੇ- ਮਾਨ

ਜਸਵਿੰਦਰ ਸਿੰਘ ਸੰਧੂ, ਬਾਲਕਿਸ਼ਨ
ਫ਼ਿਰੋਜ਼ਪੁਰ, 29 ਅਗਸਤ: ਸੂਬੇ ਭਰ ’ਚ ਆਏ ਹੜ੍ਹਾਂ ਦੇ ਕਹਿਰ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਗਜਨੀ ਵਾਲਾ ਵਿਖੇ ਪਹੁੰਚੇ, ਜਿੱੱਥੇ ਉਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੀ ਆਵਾਜ਼ ਉਠਾਉਣ ਦਾ ਵਿਸ਼ਵਾਸ ਦਿਵਾਇਆ। ਹੜ੍ਹਾਂ ਦੀ ਸਥਿਤੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਪੰੰਜਾਬ ਸਰਕਾਰ ਦੀਆਂ ਅਣਗਹਿਲੀਆਂ ਕਾਰਣ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਆਏ ਭਿਆਨਕ ਹੜ੍ਹਾਂ ਦੀ ਬਦੌਲਤ ਸੂਬੇ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮੇਂ ਦੀ ਨਜਾਕਤ ਸਮਝਦਿਆਂ ਤਰੁੰਤ ਕੈਬਨਿਟ ਮੀਟਿੰਗ ਬੁਲਾ ਕੇ ਪਾਣੀ ਨਾਲ ਤਬਾਹ ਹੋਈਆਂ ਫ਼ਸਲਾਂ, ਘਰ–ਬਾਹਰ, ਡੰਗਰਾਂ ਆਦਿ ਦੇ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦੇਣ ਦੀ ਪਹਿਲ ਕਰੇ ਅਤੇ ਕੇਂਦਰ ਸਰਕਾਰ ’ਤੇ ਦਬਾਅ ਬਣਾ ਕੇ ਪੀੜਤ ਪਰਿਵਾਰਾਂ ਨੂੰ ਫੌਰੀ ਰਾਹਤ ਦਿਵਾਈ ਜਾਵੇ। ਸ: ਮਾਨ ਨੇ ਕਿਹਾ ਕਿ ਹਕੂਮਤ ਨੇ ਇੰਡੀਸ ਵਾਟਰ ਟਰੀਟੀਂ ਨੂੰ ਖ਼ਤਮ ਕਰਕੇ ਇੰਟਰਨੈਸ਼ਨਲ ਲਾਅ ਦੀ ਉਲੰਘਣਾ ਕੀਤੀ ਹੈ, ਕਿਉਂਕਿ ਲਹਿੰਦੇ ਪੰਜਾਬ ਦੇ ਪਾਕਿਸਤਾਨ ਵੀ ਇੰਟਰਨੈਸ਼ਨਲ ਰਿਪੇਰੀਆਨ ਕਾਨੂੰਨਾਂ ਅਧੀਨ ਪਾਣੀਆਂ ਉੱਤੇ ਉਸੇ ਮੁਲਕ ਜਾਂ ਸੂਬੇ ਦਾ ਅਧਿਕਾਰ ਹੁੰਦਾ ਹੈ, ਜਿਨ੍ਹਾਂ ਵਿਚੋਂ ਇਹ ਦਰਿਆ ਵਹਿੰਦੇ ਹਨ, ਕਿਉਂਕਿ ਇਨ੍ਹਾਂ ਦਰਿਆਵਾਂ ਦਾ ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ ਉਹੀ ਸਹਿੰਦੇ ਹਨ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦੀ ਕਿਤਾਬ ਵਿਚ ਦਰਜ ਹੈ ਕਿ ਬਰਸਾਤਾਂ ਤੋਂ ਪਹਿਲਾਂ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਆਪਣੇ ਅਧੀਨ ਆਉਂਦੇ ਨਹਿਰਾਂ, ਸੂਏ, ਕਸੀਆਂ, ਡਰੇਨਾਂ, ਪਾਣੀ ਦੇ ਨਿਕਾਸ ਵਾਲੇ ਰਸਤਿਆਂ ਦੀ ਸਫ਼ਾਈ ਦਾ ਕੰਮ ਮੁਕੰਮਲ ਹੋਣਾ ਜ਼ਰੂਰੀ ਹੁੰਦਾ ਹੈ, ਨਹਿਰਾਂ, ਨਾਲੀਆਂ ਦਰਿਆਵਾਂ ਦੀਆਂ ਪੱਟੜੀਆਂ ਦੀ ਮੁਰੰਮਤ ਅਤੇ ਬੰਨਾਂ ਨੂੰ ਮਜ਼ਬੂਤ ਵੀ ਕਰਾਉਣਾ ਹੁੰਦਾ ਹੈ, ਪਰ ਇਹ ਸਭ ਜ਼ਿੰਮੇਵਾਰੀਆਂ ਸਰਕਾਰ ਨੇ ਨਹੀਂ ਨਿਭਾਈ, ਜਿਸ ਕਾਰਨ ਬਣੇ ਹਾਲਾਤ ਸਭ ਦੇ ਸਾਹਮਣੇ ਹਨ, ਜਦਕਿ ਅਸੀ ਚਿੱਠੀਆਂ ਲਿਖ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਨੂੰ ਸੁਚੇਤ ਵੀ ਕੀਤਾ ਸੀ, ਪਰ ਹੁਣ ਸਮਾਂ ਲੰਘੇ ਤੋਂ ਸਰਕਾਰ ਹੱਥ ਪੈਰ ਮਾਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ, ਕੌਮੀ ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ, ਪੀ.ਏ.ਸੀ. ਮੈਂਬਰ ਜਤਿੰਦਰ ਸਿੰਘ ਥਿੰਦ, ਸੂਰਤ ਸਿੰਘ ਮਮਦੋਟ, ਗੁਰਵਿੰਦਰ ਸਿੰਘ ਮਹਾਲਮ, ਜੋਗਿੰਦਰ ਸਿੰਘ ਮੱਲੇਵਾਲਾ, ਸੁਖਦੇਵ ਸਿੰਘ ਵੇਹੜੀ, ਜਸਵੰਤ ਸਿੰਘ, ਇਕਬਾਲ ਸਿੰਘ ਮਾਦੀ ਕੇ, ਇਕਬਾਲ ਸਿੰਘ ਗੁਰੂਹਰਸਹਾਏ, ਦਵਿੰਦਰ ਸਿੰਘ, ਚਮਕੌਰ ਸਿੰਘ ਮਨਸੂਰਵਾਲ, ਮੇਹਰ ਸਿੰਘ, ਬਲਵਿੰਦਰ ਸਿੰਘ ਬਿੱਲਾ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਗੁਰਮੀਤ ਸਿੰਘ ਆਦਿ ਆਗੂ ਹਾਜ਼ਰ ਸਨ।



