Punjab

ਗੀਤ ’ਚ ਇਤਰਾਜ਼ਯੋਗ ਸ਼ਬਦ ਵਰਤਣ ’ਤੇ ਗੁਰੂ ਰੰਧਾਵਾ ਨੂੰ ਸੰਮਨ

ਖੰਨਾ, 29 ਅਗਸਤ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਵੱਲੋਂ ਆਪਣੇ ਇੱਕ ਗੀਤ ’ਚ ਇਤਰਾਜ਼ਯੋਗ ਸ਼ਬਦਾ ਵਰਤਣ ਦੇ ਮਾਮਲੇ ’ਚ ਸਮਰਾਲਾ ਅਦਾਲਤ ਨੇ ਸੰਮਨ ਭੇਜਿਆ ਹੈ। ਇਹ ਮਾਮਲਾ ਸਮਰਾਲਾ ਦੇ ਪਿੰਡ ਬਰਮਾ ਦੇ ਵਸਨੀਕ ਰਾਜਦੀਪ ਸਿੰਘ ਮਾਨ ਨੇ ਉਠਾਇਆ। ਰਾਜਦੀਪ ਸਿੰਘ ਨੇ ਇਤਰਾਜ਼ ਜਤਾਇਆ ਸੀ ਕਿ ਗਾਇਕ ਨੇ ਆਪਣੇ ਨਵੇਂ ਗੀਤ ਸਿਰਾ ਵਿੱਚ ਇੱਕ ਇਤਰਾਜ਼ਯੋਗ ਲਾਈਨ ਵਰਤੀ ਹੈ, ਜਿਸ ’ਚ ਇਹ ਸ਼ਬਦ ਜੰਮਿਆ ਨੂੰ ਗੁੜਤੀ ਚ ਅਫੀਮ ਮਿਲਦੀ ਏ ਵਰਤੇ ਗਏ ਹਨ। ਜਿਸ ਤੇ ਸਮਰਾਲਾ ਅਦਾਲਤ ਨੇ ਗੁਰੂ ਰੰਧਾਵਾ ਨੂੰ ਸੰਮਨ ਭੇਜ ਕੇ 2 ਸਤੰਬਰ ਨੂੰ ਅਦਾਲਤ ’ਚ ਪੇਸ਼ ਹੋਣ ਲਈ ਲਿਖਿਆ ਹੈ। ਐਡਵੋਕੇਟ ਗੁਰਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਨਵਾਂ ਗੀਤ ਸਿਰਾ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਹੁਣ ਤੱਕ ਸਾਢੇ ਪੰਜ ਕਰੋੜ ਵਿਊਜ਼ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੀਰਾ ਗੀਤ ’ਚ ਗੁਰੂ ਰੰਧਾਵਾ ਨੇ ਗਾਇਆ ਹੈ, ‘ਅਸੀਂ ਜੱਟਾਂ ਦੇ ਕਾਕੇ ਹਾਂ, ਸਾਨੂੰ ਗੁੜਤੀ ਚ ਅਫੀਮ ਮਿਲਦੀ ਏ । ਜਿਸ ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਪਿੰਡ ਬਰਮਾ ਦੇ ਵਸਨੀਕ ਰਾਜਦੀਪ ਸਿੰਘ ਮਾਨ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਤਹਿਤ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਸੰਮਨ ਭੇਜੇ ਗਏ ਸਨ। ਐਡਵੋਕੇਟ ਢਿੱਲੋਂ ਨੇ ਕਿਹਾ ਕਿ ਸੰਮਨ ’ਚ ਲਿਖਿਆ ਹੈ ਕਿ ਗੁੜਤੀ ਇਕ ਧਾਰਮਿਕ ਸ਼ਬਦ ਹੈ। ਇਸ ਦੇ ਨਾਲ ਹੀ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ, ਤਾਂ ਉਸਨੂੰ ਪਹਿਲਾਂ ਉਸ ਵਿਅਕਤੀ ਦੀ ਗੁੜਤੀ ਦਿੱਤੀ ਜਾਂਦੀ ਹੈ, ਜੋ ਉਸਦੇ ਮਾਪੇ ਉਸਨੂੰ ਬਣਾਉਣਾ ਚਾਹੁੰਦੇ ਹਨ ਪਰ ਗੁਰੂ ਰੰਧਾਵਾ ਨੇ ਅਫੀਮ ਸ਼ਬਦ ਦੀ ਵਰਤੋਂ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਲਈ ਉਸਨੂੰ ਇਸ ਗਾਣੇ ’ਚੋਂ ਅਫੀਮ ਸ਼ਬਦ ਹਟਾਉਣ ਲਈ ਕਿਹਾ ਗਿਆ ਸੀ। ਗੁਰੂ ਰੰਧਾਵਾ ਨੇ ਇਹ ਜਵਾਬ ਭੇਜਿਆ ਕਿ ਜਿੱਥੇ ਵੀ ਇਹ ਗਾਣਾ ਐਮਾਜ਼ਾਨ, ਸਪੌਟੀਫਾਈ, ਜੀਓ, ਸਾਵਨ ਤੇ ਚੱਲ ਰਿਹਾ ਹੈ, ਅਸੀਂ ਅਫੀਮ ਸ਼ਬਦ ਨੂੰ ਕੱਟ ਕੇ ਜ਼ਮੀਨ ਸ਼ਬਦ ਪਾ ਦਿੱਤਾ ਹੈ ਪਰ ਅਸੀਂ ਇਸਨੂੰ ਯੂਟਿਊਬ ’ਤੇ ਨਹੀਂ ਬਦਲ ਸਕਦੇ। ਜਦੋਂ ਗਾਇਕ ਨੂੰ ਨੋਟਿਸ ਭੇਜਿਆ ਗਿਆ ਸੀ ਤਾਂ ਗਾਣੇ ਨੂੰ 4 ਕਰੋੜ ਵਿਊਜ਼ ਸਨ ਤੇ ਹਾਲ ਹੀ ’ਚ ਇਹ ਸਾਢੇ ਪੰਜ ਕਰੋੜ ਤੋਂ ਵੱਧ ਵਿਊਜ਼ ਨੂੰ ਪਾਰ ਕਰ ਗਿਆ ਹੈ। ਹੁਣ ਵੀ ਉਸਨੇ ਅਦਾਲਤ ’ਚ ਇਸਨੂੰ ਹਟਾਉਣ ਦੀ ਅਪੀਲ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button