
ਲੁਧਿਆਣਾ, 29 ਅਗਸਤ : ਮਹਾਂਨਗਰ ਦੀ ਨਾਮੀ ਕਪੂਰ ਕਰਾਕਰੀ ਦੇ ਮਾਲਿਕ ਕਾਰੋਬਾਰੀ ਰਣਵੀਰ ਕਪੂਰ ਅਤੇ ਉਸ ਦੀ ਪਤਨੀ ਰਾਖੀ ਕਪੂਰ ਦੇ ਖਿਲਾਫ ਚੋਰੀ ਅਤੇ ਜਬਰੀ ਕਿਸੇ ਦੀ ਜਾਇਦਾਦ ਵਿੱਚ ਵੜਨ ਦੇ ਦੋਸ਼ਾਂ ਅਧੀਨ ਪਰਚਾ ਦਰਜ ਹੋਇਆ ਹੈ। ਥਾਣਾ ਹੈਬੋਵਾਲ ਪੁਲਿਸ ਨੇ ਇਹ ਮਾਮਲਾ ਗੁਰਦੇਵ ਨਗਰ ਦੇ ਵਾਸੀ ਮੁਲਜ਼ਮ ਰਣਵੀਰ ਕਪੂਰ ਦੇ ਛੋਟੇ ਭਰਾ ਜਤਿੰਦਰ ਕਪੂਰ ਦੀ ਸ਼ਿਕਾਇਤ ਉੱਪਰ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਪਤੀ-ਪਤਨੀ ਖਿਲਾਫ ਪਰਚਾ ਦਰਜ ਕਰ ਕੇ ਦੋਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਸ਼ਿਕਾਇਤ ਕਰਤਾ ਜਤਿੰਦਰ ਕਪੂਰ ਮੁਤਾਬਕ ਉਹ ਵੀ ਪੇਸ਼ੇ ਤੋਂ ਕਾਰੋਬਾਰੀ ਹਨ ਅਤੇ ਕਰਾਕਰੀ ਦਾ ਕਾਰੋਬਾਰ ਕਰਨ ਵਾਲਾ ਮੁਲਜਮ ਰਣਵੀਰ ਕਪੂਰ ਉਸ ਦਾ ਵੱਡਾ ਭਰਾ ਅਤੇ ਰਾਖੀ ਕਪੂਰ ਰਣਵੀਰ ਦੀ ਪਤਨੀ ਹੈ। ਸ਼ਿਕਾਇਤ ਕਰਤਾ ਮੁਤਾਬਕ ਹੈਬੋਵਾਲ ਦੇ ਰਾਜਪੁਰਾ ਇਲਾਕੇ ਵਿੱਚ ਉਸ ਦਾ ਇੱਕ ਪਲਾਟ ਹੈ ਅਤੇ ਇਸ ਪਲਾਟ ਉੱਪਰ ਪਿਛਲੇ ਕੁਝ ਦਿਨਾਂ ਤੋਂ ਉਸ ਨੇ ਮਿਸਤਰੀ ਲਾ ਕੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਹੈ। ਸ਼ਿਕਾਇਤ ਕਰਤਾ ਮੁਤਾਬਕ ਉਸ ਦੇ ਭਰਾ ਰਣਵੀਰ ਅਤੇ ਭਾਬੀ ਰਾਖੀ ਕਪੂਰ ਉਸ ਦੀ ਮਰਜ਼ੀ ਤੋਂ ਬਿਨਾਂ ਜਬਰੀ ਇਸ ਨਿਰਮਾਣ ਅਧੀਨ ਪਲਾਟ ’ਚ ਦਾਖਲ ਹੋਏ। ਨਵੀਂ ਬਣਦੀ ਇਮਾਰਤ ’ਚ ਦਾਖਲ ਹੋਣ ਮਗਰੋਂ ਮੁਲਜ਼ਮ ਪਤੀ ਪਤਨੀ ਨੇ ਉਸ ਦੇ ਪਲਾਟ ’ਚ ਰੱਖਿਆ ਮਟੀਰੀਅਲ ਵੀ ਖੁਰਦ-ਬੁਰਦ ਕਰ ਦਿੱਤਾ, ਜਦੋਂ ਮੁਦੱਈ ਨੂੰ ਪਤਾ ਲੱਗਾ ਤਾਂ ਉਨ੍ਹਾਂ ਉਕਤ ਮਾਮਲਾ ਥਾਣਾ ਹੈਬੋਵਾਲ ਪੁਲਿਸ ਦੇ ਧਿਆਨ ’ਚ ਲਿਆ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ।



