Punjab

ਕੁਲਾਰ ਤੋਂ 2.5 ਕਰੋੜ ਦੀ ਫਿਰੌਤੀ ਮੰਗਣ ਵਾਲਾ ਗ੍ਰਿਫਤਾਰ

ਲੁਧਿਆਣਾ, 29 ਅਗਸਤ: ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਤੇ ਉਦਯੋਗਪਤੀ ਗੁਰਮੀਤ ਕੁਲਾਰ ਤੋਂ 2.5 ਕਰੋੜ ਦੀ ਰੰਗਦਾਰੀ ਮੰਗਣ ਦੇ ਦੋਸ਼ ’ਚ ਥਾਣਾ ਡਵੀਜ਼ਨ 6 ਦੀ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਸੰਪ੍ਰੀਤ ਸਿੰਘ ਦੇ ਤੌਰ ਤੇ ਹੋਈ ਹੈ। ਪੁਲਿਸ ਦੋਸ਼ੀ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਦੀ ਯੋਜਨਾ ਬਣਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਜਾਣਕਾਰੀ ਮੁਤਾਬਕ ਗੁਰਮੀਤ ਕੁਲਾਰ ਤੋਂ ਇਸ ਸਾਲ ਜਨਵਰੀ ਤੋਂ ਰੰਗਦਾਰੀ ਮੰਗਣ ਵਾਲੀਆਂ ਕਾਲਾਂ ਸ਼ੁਰੂ ਹੋਈਆਂ। ਦੋਸ਼ੀ ਸੰਪ੍ਰੀਤ ਨੇ ਵਿਦੇਸ਼ੀ ਤੇ ਅਣਜਾਣ ਨੰਬਰਾਂ ਤੋਂ ਫੋਨ ਕਰ ਕੇ ਉਨ੍ਹਾਂ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਕੁਝ ਸਮੇਂ ਲਈ ਕਾਲਾਂ ਆਉਣ ਬੰਦ ਹੋ ਗਈਆਂ ਸ, ਪਰ ਪਿਛਲੇ 3 ਦਿਨਾਂ ਤੋਂ ਉਨ੍ਹਾਂ ਨੂੰ ਫਿਰ ਤੋਂ ਅੰਤਰਰਾਸ਼ਟਰੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ। ਇਸ ਵਾਰੀ ਮੰਗ ਵਧ ਕੇ 2.5 ਕਰੋੜ ਰੁਪਏ ਹੋ ਗਈ ਹੈ। ਨਾਲ ਹੀ ਉਨ੍ਹਾਂ ਨੂੰ ਬਦਨਾਮ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਕੁਲਾਰ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਰਾਮਗੜ੍ਹੀਆ ਕੌਂਸਲ ਯੂਕੇ ਦੇ ਫਰਜ਼ੀ ਲੇਟਰ ਹੈਡ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ, ਜਿਸ ’ਚ ਉਨ੍ਹਾਂ ਖ਼ਿਲਾਫ਼ ਬੇ-ਬੁਨਿਆਦ ਦੋਸ਼ ਲਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਲੈਟਰ ਹੈੱਡ ’ਤੇ ਜਿਸ ਦਾ ਹਸਤਾਖਰ ਸੀ, ਉਹ ਵਿਅਕਤੀ ਮੌਜੂਦ ਹੀ ਨਹੀਂ ਹੈ। ਇਹ ਉਨ੍ਹਾਂ ਦਾ ਅਕਸ ਖਰਾਬ ਕਰ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਸੀ। ਕੁਲਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਦੋਸ਼ੀ ਦਾ ਆਪਰਾਧਿਕ ਇਤਿਹਾਸ ਹੈ ਤੇ ਇਸ ਤੋਂ ਪਹਿਲਾਂ ਹਰਿਆਣਾ ’ਚ 1 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦੇ ਮਾਮਲੇ ’ਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਬਾਕਸ– ਦੋਸ਼ੀ ਦੇ ਮੋਬਾਈਲ ਦੀ ਜਾਂਚ ਕਰਵਾਈ ਜਾਵੇਗੀ : ਐੱਸਐੱਚਓ ਐੱਸਐੱਚਓ ਡਵੀਜ਼ਨ ਨੰ. 6 ਬਲਵੰਤ ਸਿੰਘ ਨੇ ਕਿਹਾ ਕਿ ਦੋਸ਼ੀ ਸੰਪ੍ਰੀਤ ਸਿੰਘ ਨੂੰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਰੰਗਦਾਰੀ ਕਿਉਂ ਮੰਗੀ? ਕਿਸ ਦੇ ਕਹਿਣ ਤੇ ਮੰਗੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਉਸ ਦਾ ਰਿਮਾਂਡ ਲਿਆ ਜਾਵੇਗਾ। ਇਸ ਦੇ ਨਾਲ ਹੀ ਉਸ ਦੇ ਮੋਬਾਈਲ ਨੂੰ ਜਾਂਚ ਲਈ ਭੇਜਿਆ ਜਾਵੇਗਾ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

Related Articles

Leave a Reply

Your email address will not be published. Required fields are marked *

Back to top button