
ਪੱਟੀ, 28 ਅਗਸਤ : ਪਿੰਡ ਜੋਤੀਸ਼ਾਹ ਵਿਖੇ ਇਕ ਘਰ ਦੇ ਅੱਗੇ ਕਥਿਤ ਤੌਰ ’ਤੇ ਫਾਰਚੂਨਰ ਸਵਾਰਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਸ਼ੋਸ਼ਲ ਮੀਡੀਆ ’ਤੇ ਪਾਈ ਸਟੋਰੀ ਦੇ ਵਿਵਾਦ ਕਾਰਨ ਕੀਤੀ ਗਈ। ਹਾਲਾਂਕਿ ਇਲਾਕੇ ਨਾਲ ਸਬੰਧਤ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸੱਤ ਲੋਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਕਮਲਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਜੋਤੀਸ਼ਾਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲੰਘੀ ਰਾਤ ਕਰੀਬ 8 ਵਜੇ ਉਨ੍ਹਾਂ ਦਾ ਗੇਟ ਜੋਰ ਨਾਲ ਖੜਕਾਇਆ ਜਾਣ ਲੱਗਾ ਉਸਨੇ ਗੇਟ ਦੀ ਦਰਾਰ ਵਿੱਚੋਂ ਵੇਖਿਆ ਤਾਂ ਫਾਰਚੂਨਰ ਗੱਡੀ ਦਿਖਾਈ ਦਿੱਤੀ। ਜਿਸ ਵਿਚ ਸੱਤ ਦੇ ਕਰੀਬ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਇਕ ਜਗਤਾਰ ਸਿੰਘ ਜੱਗਾ ਪੁੱਤਰ ਲਖਵਿੰਦਰ ਸਿੰਘ ਵਾਸੀ ਖੇਮਕਰਨ ਸੀ, ਜਿਸ ਨਾਲ ਉਸਦੀ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਸਟੋਰੀ ਕਾਰਨ ਖਹਿਬੜਬਾਜੀ ਹੋਈ ਸੀ। ਉਕਤ ਲੋਕ ਉਸ ਦਾ ਨਾਂ ਲੈ ਕੇ ਗਾਲੀ ਗਲੋਚ ਕਰਨ ਲੱਗੇ ਅਤੇ ਜਗਤਾਰ ਸਿੰਘ ਜੱਗਾ ਨੇ ਪਿਸਟਲ ਨਾਲ ਦੋ ਫਾਇਰ ਕਰ ਦਿੱਤੇ। ਉਸਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਗਵਾਂਢੀ ਇਕੱਠੇ ਹੋ ਗਏ। ਜਿਸ ਦੇ ਚੱਲਦਿਆਂ ਫਾਰਚੂਨਰ ਸਵਾਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਜੱਗਾ ਸਮੇਤ 6 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।



