
ਸ੍ਰੀ ਅਨੰਦਪੁਰ ਸਾਹਿਬ, 25 ਮਈ- ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਦੇ ਘਿਰਾਓ ਦਾ ਐਲਾਨ ਕਰ ਕੇ ਨੇੜਲੇ ਪਿੰਡ ਗੰਭੀਰਪੁਰ ਪਹੁੰਚੇ ਬੇਰੁਜ਼ਗਾਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੰਗਲ ਰੋਡ ਤੋਂ ਜਿਵੇਂ ਹੀ ਪਿੰਡ ਗੰਭੀਰਪੁਰ ਨੂੰ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਰੋਕਾਂ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਬੇਰੁਜ਼ਗਾਰਾਂ ਨੇ ਰੋਕਾਂ ਪੁੱਟ ਕੇ ਕੋਠੀ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ। ਇਸ ਮਗਰੋਂ ਪਿੰਡ ਗੰਭੀਰਪੁਰ ਨੇੜੇ ਲਗਾਏ ਪੁਲਿਸ ਨਾਕੇ ਨੂੰ ਪੁੱਟ ਕੇ ਬੇਰੁਜ਼ਗਾਰ ਅੱਗੇ ਵਧੇ ਤਾਂ ਪੁਲਿਸ ਨੂੰ ਭਾਜੜ ਪੈ ਗਈ। ਆਖ਼ਰ ਸਿੱਖਿਆ ਮੰਤਰੀ ਦੀ ਕੋਠੀ ਦੇ ਐਨ ਨੇੜੇ ਲੱਗੇ ਨਾਕੇ ਨੂੰ ਪੁੱਟ ਕੇ ਕੋਠੀ ਦਾ ਗੇਟ ਮੱਲ ਲਿਆ। ਇਸ ਦੌਰਾਨ ਬੇਰੁਜ਼ਗਾਰਾਂ ਤੇ ਪੁਲਿਸ ਵਿਚਕਾਰ ਜ਼ਬਰਦਸਤ ਖਿੱਚਧੂਹ ਹੋਈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਤੇ ਹਰਜਿੰਦਰ ਬੁਢਲਾਡਾ ਨੇ ਦੱਸਿਆ ਕਿ ਕਰੀਬ ਸਵਾ ਸਾਲ ਤੋਂ ਸਿੱਖਿਆ ਮੰਤਰੀ ਨੇ ਬੇਰੁਜ਼ਗਾਰਾਂ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ ਨਾ ਹੀ 3 ਸਾਲਾਂ ਵਿਚ ਇਕ ਵੀ ਅਸਾਮੀ ਕੱਢੀ ਹੈ। ਇਸ ਲਈ ਬੇਰੁਜ਼ਗਾਰ ਲਗਾਤਾਰ ਓਵਰਏਜ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਅਨੇਕ ਵਾਰ ਲਿਖਤੀ ਮੀਟਿੰਗਾਂ ਦੇ ਕੇ ਬੇਰੁਜ਼ਗਾਰਾਂ ਨੂੰ ਵਰਚਾਉਂਣ ਦੀ ਕੋਸਿਸ਼ ਕੀਤੀ ਹੈ ਪਰ ਮੀਟਿੰਗ ਤੋ ਪਹਿਲਾਂ ਹੀ ਇਸ ਦੇ ਰੱਦ ਹੋਣ ਦੀ ਸੂਚਨਾ ਭੇਜ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਲੈਕਚਰਾਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕਰਵਾਉਣ, ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕਰਵਾਉਣ, ਮਾਸਟਰ ਕੇਡਰ ਵਿਚ ਥੋਪੀ ਸ਼ਰਤ 55 ਫ਼ੀਸਦ ਅੰਕ ਲਾਜ਼ਮੀ ਨੂੰ ਰੱਦ ਕਰਵਾਉਣ, ਓਵਰਏਜ ਹੋ ਚੁੱਕੇ ਸਾਰੇ ਬੇਰੁਜ਼ਗਾਰਾਂ ਨੂੰ ਇਕ ਮੌਕਾ ਦਿਵਾਉਣ, ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਕਰਵਾਉਣ, ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ 270 ਪੋਸਟਾਂ ਵਿਚ ਉਮਰ ਹੱਦ ਛੋਟ ਲੈਣ ਤੇ ਐਨਟੀਟੀ ਦੀਆਂ ਪੋਸਟਾਂ ਜਾਰੀ ਕਰਵਾਉਣ ਲਈ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਪੀਲ ਲੈ ਕੇ ਪਹੁੰਚੇ ਸਨ ਪਰ ਸਿੱਖਿਆ ਮੰਤਰੀ ਬੇਰੁਜ਼ਗਾਰਾਂ ਨਾਲ ਗੱਲਬਾਤ ਨਹੀਂ ਕਰ ਰਹੇ। ਬੇਰੁਜ਼ਗਾਰ ਲੰਬਾ ਸਮਾਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਨਾਅਰੇਬਾਜ਼ੀ ਕਰਦੇ ਰਹੇ, ਜਿੱਥੇ ਆਖਰ ਸ਼ਾਮ ਕਰੀਬ 4 ਵਜੇ ਸਿਵਲ ਪ੍ਰਸ਼ਾਸਨ ਨੇ ਡਿਊਟੀ ਮੈਜਿਸਟਰੇਟ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ 5 ਜੂਨ ਨੂੰ ਸਿੱਖਿਆ ਮੰਤਰੀ ਨਾਲ ਕਰਵਾਉਣ ਦੀ ਲਿਖਤੀ ਪੱਤ੍ਰਕਾ (ਸੂਚਨਾ) ਦੇ ਕੇ ਧਰਨਾ ਖ਼ਤਮ ਕਰਵਾਇਆ। ਇਸ ਮੌਕੇ ਸੰਦੀਪ ਮੋਫ਼ਰ, ਗੁਰਪ੍ਰੀਤ ਸਿੰਘ ਪੱਕਾ, ਸੰਦੀਪ ਸਿੰਘ ਪਟਿਆਲਾ, ਹਰਵਿੰਦਰ ਸਿੰਘ, ਨਛੱਤਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਮਨ ਸੇਖਾ, ਹਰਦੀਪ ਸਿੰਘ, ਸੁਖਪਾਲ ਖ਼ਾਨ, ਜੱਗੀ ਜਲੂਰ, ਸੀਮਾ, ਲਲਿਤਾ ਪਟਿਆਲਾ, ਨਿਸ਼ਾਨ ਸਿੰਘ ਤਰਨਤਾਰਨ, ਦਵਿੰਦਰ ਮੋਰਿੰਡਾ ਆਦਿ ਹਾਜ਼ਰ ਸਨ।



