ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ, 20 ਕਿਲੋ ਭਾਰ ਘਟਿਆ; 21 ਜਨਵਰੀ ਨੂੰ ਇਕ ਵਾਰ ਫਿਰ ਦਿੱਲੀ ਕੂਚ ਕਰਨਗੇ ਕਿਸਾਨ

ਖਨੋਰੀ, 17 ਜਨਵਰੀ- ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉਪਰ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 52ਵੇਂ ਦਿਨ ਵੀ ਜਾਰੀ ਰਿਹਾ। ਜਗਜੀਤ ਡੱਲੇਵਾਲ ਦੀ ਨਾਜੁਕ ਹਾਲਤ ਦੇ ਮੱਦੇਨਜ਼ਰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਚੈੱਕਅਪ ਕਰਨ ਉਪਰੰਤ ਡਾਕਟਰ ਹਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਵੀਰਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਵਜ਼ਨ ਚੈੱਕ ਕੀਤਾ ਗਿਆ। 52 ਦਿਨਾਂ ਦੇ ਮਰਨ ਵਰਤ ਕਾਰਨ ਉਨ੍ਹਾਂ ਦਾ ਵਜਨ 20 ਕਿੱਲੋ 500 ਗ੍ਰਾਮ ਯਾਨੀ 23.59 ਫੀਸਦੀ ਘਟ ਗਿਆ ਹੈ। ਮਰਨ ਵਰਤ ਸ਼ੁਰੂ ਕਰਨ ਸਮੇ ਉਨ੍ਹਾਂ ਦਾ ਭਾਰ 86.900 ਕਿਲੋਗ੍ਰਾਮ ਸੀ, ਪਰ ਵੀਰਵਾਰ ਨੂੰ ਇਹ ਭਾਰ 66.400 ਕਿਲੋਗ੍ਰਾਮ ਤੱਕ ਪਹੁੰਚ ਗਿਆ। ਦੂਜੇ ਪਾਸੇ, ਹਰਿਆਣਾ ਦੀ ਹੱਦ ਤੇ ਬੁੱਧਵਾਰ ਨੂੰ 111 ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਜਾਰੀ ਹੈ। ਵੀਰਵਾਰ ਦੁਪਹਿਰ ਨੂੰ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਮਿਰਗੀ ਦਾ ਦੌਰਾ ਪੈਣ ਕਾਰਨ ਮੌਤ ਦੇ ਮੂੰਹ ‘ਚ ਚੱਲ ਰਹੇ 35 ਸਾਲਾ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਵਾਸੀ ਕਪੂਰਥਲਾ ਦੀ ਸਿਹਤ ਵਿਗੜ ਗਈ। ਮੌਕੇ ‘ਤੇ ਤਾਇਨਾਤ ਸਵੈਮਾਨ ਦੀ ਟੀਮ ਨੇ ਕਿਸਾਨ ਦੀ ਦੇਖਭਾਲ ਕੀਤੀ ਅਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਨੌਜਵਾਨ ਕਿਸਾਨ ਨੇ ਕਿਸੇ ਵੀ ਤਰ੍ਹਾਂ ਦਾ ਇਲਾਜ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਹਰਿਆਣਾ ਤੋਂ ਡਾਕਟਰਾਂ ਦੀ ਟੀਮ ਵੀ ਕਿਸਾਨ ਦਾ ਚੈਕਅੱਪ ਕਰਨ ਲਈ ਖਨੌਰੀ ਸਰਹੱਦ ‘ਤੇ ਪੁੱਜ ਗਈ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿੱਚ ਸੁਧਾਰ ਸਬੰਧੀ ਪੰਜਾਬ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਵਿੱਚ ਦਿੱਤੀ ਗਈ ਦਲੀਲ ’ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਸੁਪਰੀਮ ਕੋਰਟ ਨੂੰ ਗੁੰਮਰਾਹ ਕਰ ਰਹੀ ਹੈ। ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ 52 ਦਿਨ ਬੀਤ ਚੁੱਕੇ ਹਨ, ਅਜਿਹੇ ‘ਚ ਸੁਪਰੀਮ ਕੋਰਟ ਖੁਦ ਪੰਜਾਬ ਸਰਕਾਰ ਨੂੰ ਫਟਕਾਰ ਲਾ ਰਹੀ ਹੈ ਕਿ ਡੱਲੇਵਾਲ ਦੀ ਸਿਹਤ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ। ਕੋਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੱਲੇਵਾਲ ਦੀ ਰਿਪੋਰਟ ਜਾਣਬੁੱਝ ਕੇ ਸਮੇਂ ਸਿਰ ਜਨਤਕ ਨਹੀਂ ਕੀਤੀ ਜਾ ਰਹੀ ਅਤੇ ਅਦਾਲਤ ਵਿੱਚ ਕਥਿਤ ਤੌਰ ’ਤੇ ਝੂਠੀਆਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਖਨੌਰੀ ਸਰਹੱਦ ‘ਤੇ ਡੱਲੇਵਾਲ ਨੂੰ ਮਿਲਣ ਆਉਣ ਵਾਲੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ ‘ਤੇ ਪੁੱਛਿਆ ਜਾਵੇਗਾ ਕਿ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਹੈ।



