ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਰੱਖ ਰਹੇ ਹਨ ਸਥਿਤੀ ‘ਤੇ ਨਜ਼ਰ – ਡਿਪਟੀ ਕਮਿਸ਼ਨਰ
ਜ਼ਰੂਰਤ ਪੈਣ 'ਤੇ ਐਨਡੀਆਰਐਫ ਦੀਆਂ ਟੀਮਾਂ ਦੀ ਵੀ ਲਈ ਜਾ ਸਕਦੀ ਹੈ ਸਹਾਇਤਾ, ਫਿਲਹਾਲ ਸਥਿਤੀ ਹੈ ਅੰਡਰ ਕੰਟਰੋਲ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫਿਰੋਜ਼ਪੁਰ, 25 ਅਗਸਤ : ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਸਤਲੁਜ ਦਰਿਆ ਨਾਲ ਲੱਗਦੇ ਹੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਨਾਲ ਮੁਸਤੈਦ ਹਨ। ਪਿੰਡ ਗੱਡੀ ਰਾਜੋ ਕੇ ਬੇਸ ਕੈਂਪ ਬਣਾਇਆ ਗਿਆ ਹੈ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਹਾਇਤਾ ਦੇ ਲਈ ਐਂਬੂਲੈਂਸ ਵੀ ਤੈਨਾਤ ਕੀਤੀ ਗਈ ਹੈ। ਪਿੰਡ ਟੈਂਡੀਵਾਲਾ ਸਮੇਤ ਵੱਖ ਵੱਖ ਹੜਾਂ ਵਾਲੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਪਹਿਲਾਂ ਤੋਂ ਲਗਾਏ ਗਏ ਹਨ। ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਪਹਿਲਾਂ ਹੀ ਅਲਰਟ ਮੋੜ ਤੇ ਰੱਖਿਆ ਗਿਆ ਹੈ ਜਰੂਰਤ ਪੈਣ ਤੇ ਇਹਨਾਂ ਟੀਮਾਂ ਦੀ ਵੀ ਸਹਾਇਤਾ ਲਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਐਸਡੀਐਮਸ ਨੂੰ ਨਿਰਦੇਸ਼ ਦਿੱਤੇ ਗਏ ਹਨ ਜਿੱਥੇ ਕਿਤੇ ਖਾਣੇ ਦੀ ਜਰੂਰਤ ਹੋਵੇ ਉੱਥੇ ਕਮਿਊਨਿਟੀ ਕਿਚਨ ਦੀ ਸਹਾਇਤਾ ਦੇ ਨਾਲ ਖਾਣੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਫੂਡ ਪੈਕਟ ਨਾਲ ਦੀ ਨਾਲ ਤਿਆਰ ਰੱਖੇ ਜਾਣ। ਹੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਲਗਾਤਾਰ ਗਸ਼ਤ ਕੀਤੀ ਜਾਵੇ ਅਤੇ ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤੁਰੰਤ ਸਹਾਇਤਾ ਮੁਹਈਆ ਕਰਵਾਈ ਜਾਵੇ। ਕਾਲੂ ਵਾਲਾ ਪਿੰਡ ਦੇ ਵਿੱਚ ਪਾਣੀ ਦੀਆਂ ਬੋਤਲਾਂ ਦੀ ਵਿਵਸਥਾ ਕਰਨ ਸਬੰਧੀ ਵੀ ਨਿਰਦੇਸ਼ ਦਿੱਤੇ ਗਏ ਹਨ ਅਤੇ ਸੁਕਾ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਅਧਿਕਾਰੀਆਂ ਤੋਂ ਹਰ ਪਲ ਦੀ ਜਾਣਕਾਰੀ ਲਈ ਜਾ ਰਹੀ ਹੈ। ਜਿੱਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਸੂਚਨਾ ਮਿਲਦੀ ਹੈ ਉਸੇ ਵੇਲੇ ਰਾਹਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਵੱਲੋਂ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਅਲਰਟ ਮੋਡ ਵਿੱਚ ਹੈ ਅਤੇ ਦੋ ਮਹਿਲਾਵਾਂ ਦੀ ਜਨੇਪੇ ਦੀ ਸਹਾਇਤਾ ਕੀਤੀ ਗਈ ਹੈ। ਪਾਣੀ ਨਾਲ ਹੋਣ ਵਾਲੀਆਂ ਸੰਭਾਵਿਤ ਬਿਮਾਰੀਆਂ ਦੀ ਰੋਕਥਾਮ ਦੇ ਲਈ ਪਹਿਲਾਂ ਤੋਂ ਹੀ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਦੀ ਸਥਿਤੀ ਨਿਯੰਤਰਣ ਵਿੱਚ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸ.ਡੀ.ਐਮ ਆਪਣੇ-ਆਪਣੇ ਖੇਤਰਾਂ ਵਿੱਚ ਤਾਇਨਾਤ ਹਨ ਅਤੇ ਦਰਿਆ ਨਾਲ ਲੱਗਦੇ ਪਿੰਡਾਂ ਦਾ ਨਿਰੰਤਰ ਜਾਇਜ਼ਾ ਲੈ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਹੜ੍ਹਾਂ ਸਬੰਧੀ ਹੰਗਾਮੀ ਸਥਿਤੀ ਵਿੱਚ ਕੰਟਰੋਲ ਰੂਮ ਦੇ ਨੰ: 01632-244017 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



