Punjab

ਸੁਸਾਇਟੀ ’ਚ ਵਸਨੀਕਾਂ ਨੇ ਬਿਲਡਰ ਦਾ ਪਤਲਾ ਫੂਕਿਆ

ਜ਼ੀਰਕਪੁਰ, 25 ਅਗਸਤ : ਸਾਵਿਤਰੀ ਗ੍ਰੀਨਜ਼-2 ਸੁਸਾਇਟੀ ’ਚ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਸੁਸਾਇਟੀ ਵਾਸੀਆਂ ਤੇ ਬਿਲਡਰ ਦਰਮਿਆਨ ਵਿਵਾਦ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਪਿਛਲੇ 15 ਦਿਨਾਂ ਤੋਂ ਧਰਨੇ ਤੇ ਬੈਠੇ ਲੋਕਾਂ ਦਾ ਗੁੱਸਾ ਉਸ ਸਮੇਂ ਭੜਕ ਉੱਠਿਆ, ਜਦੋਂ ਸੁਸਾਇਟੀ ਦੀ ਮੈਨੇਜਮੈਂਟ ਨੇ ਧਰਨੇ ’ਚ ਸ਼ਾਮਲ ਔਰਤਾਂ ਨੂੰ ਡਿਫਾਲਟਰ ਦੱਸਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਬੈਨਰ ਗੇਟ ਤੇ ਲਗਾ ਦਿੱਤੇ। ਇਸ ਕਾਰਨ ਗੁੱਸੇ ’ਚ ਆਏ ਲੋਕਾਂ ਨੇ ਬਿਲਡਰ ਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਦਾ ਪੁਤਲਾ ਫੂਕਿਆ। ਧਰਨੇ ਤੇ ਬੈਠੇ ਮਨਮੋਹਨ ਰਾਵਤ, ਲਵਦੀਪ ਸਿੰਘ, ਮਹੇਸ਼ ਵਰਮਾ, ਰਜਨੀ ਬੰਗਾ, ਪਾਇਲ ਚੌਧਰੀ, ਰਾਜੀਵ ਤਿਵਾੜੀ ਅਤੇ ਹੋਰ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਤੋਂ ਹਰ ਮਹੀਨੇ ਮੈਂਟੇਨੈਂਸ ਚਾਰਜ ਵਸੂਲਿਆ ਜਾਂਦਾ ਹੈ, ਪਰ ਸੁਰੱਖਿਆ, ਸਫ਼ਾਈ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੁਸਾਇਟੀ ਵਿਚ ਚੋਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਔਰਤਾਂ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਦੇ ਹੋਏ ਕਿਹਾ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਬਾਵਜੂਦ ਬਿਲਡਰ ਨੇ ਬਦਲੇ ਦੀ ਭਾਵਨਾ ਨਾਲ ਇਹ ਹਰਕਤ ਕੀਤੀ ਹੈ, ਜੋ ਕਿ ਗ਼ੈਰ-ਕਾਨੂੰਨੀ ਅਤੇ ਔਰਤਾਂ ਪ੍ਰਤੀ ਉਸਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਗੁੱਸੇ ਵਿਚ ਆਈਆਂ ਔਰਤਾਂ ਨੇ ਤੁਰੰਤ ਗੇਟ ਤੇ ਲੱਗੇ ਪੋਸਟਰ ਫਾੜ ਕੇ ਸੁੱਟ ਦਿੱਤੇ ਅਤੇ ਬਿਲਡਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ, ਬਿਲਡਰ ਐੱਨਕੇ ਸ਼ਰਮਾ ਦੇ ਭਰਾ ਯਾਦਵਿੰਦਰ ਸ਼ਰਮਾ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੁਸਾਇਟੀ ਵਿਚ ਸਾਰੀਆਂ ਸਹੂਲਤਾਂ ਉਪਲਬਧ ਹਨ, ਜੋ ਨਕਸ਼ੇ ਵਿਚ ਦਰਸਾਈਆਂ ਗਈਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਰਾਜਨੀਤਿਕ ਬਣਾਇਆ ਜਾ ਰਿਹਾ ਹੈ ਅਤੇ ਸਿਰਫ਼ 10-12 ਲੋਕ ਹੀ ਪਰੇਸ਼ਾਨੀ ਖੜ੍ਹੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵਿਚ 1200 ਪਰਿਵਾਰ ਰਹਿੰਦੇ ਹਨ ਅਤੇ ਸਿਰਫ਼ ਕੁਝ ਲੋਕਾਂ ਨੂੰ ਹੀ ਸਮੱਸਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪਿਛਲੇ ਤਿੰਨ ਸਾਲਾਂ ਤੋਂ ਮੈਂਟੇਨੈਂਸ ਚਾਰਜ ਨਹੀਂ ਦੇ ਰਹੇ। ਉਨ੍ਹਾਂ ਮੰਨਿਆ ਕਿ ਉਨ੍ਹਾਂ ਵੱਲੋਂ ਸਿਰਫ਼ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੇ ਮੈਂਟੇਨੈਂਸ ਦਾ ਭੁਗਤਾਨ ਨਹੀਂ ਕੀਤਾ ਸੀ। ਇਸ ਘਟਨਾ ਨੇ ਸੁਸਾਇਟੀ ਵਿਚ ਤਣਾਅ ਦਾ ਮਾਹੌਲ ਬਣਾ ਦਿੱਤਾ ਹੈ। ਵਾਸੀਆਂ ਨੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਬਿਲਡਰ ਦਾ ਕਹਿਣਾ ਹੈ ਕਿ ਸੁਸਾਇਟੀ ’ਚ ਕੋਈ ਸਮੱਸਿਆ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button