
ਦੀਨਾਨਗਰ, 24 ਅਗਸਤ : ਦੀਨਾਨਗਰ ਪੁਲਿਸ ਨੇ ਬਜਾਰ ਅੰਦਰ ਜਾਅਲੀ ਭਾਰਤੀ ਕਰੰਸੀ ਨੋਟ ਫੈਲਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਲੱਖ ਪੈਂਤੀ ਸੌ ਰੁਪਏ ਦੇ ਜਾਅਲੀ ਭਾਰਤੀ ਕਰੰਸੀ ਨੋਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਦੀਨਾਨਗਰ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਰਾਬ ਕਾਰੋਬਾਰੀ ਸੁਨੀਲ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਤਾਲਿਬਪੁਰ ਪੰਡੋਰੀ ਨੇ ਪੁਲਿਸ ਥਾਣਾ ਦੋਰਾਂਗਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਸਰਕਲ ਵਿੱਚ ਠੇਕੇ ਦੇ ਕਰਿੰਦੇ ਵਜੋਂ ਕੰਮ ਕਰਦਾ ਕਮਲਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਸੰਤ ਨਗਰ ਥਾਣਾ ਸਿਟੀ ਗੁਰਦਾਸਪੁਰ ਜਾਅਲੀ ਭਾਰਤੀ ਕਰੰਸੀ ਦੇ ਨੋਟ ਇਸਤੇਮਾਲ ਕਰ ਰਿਹਾ ਹੈ। ਜਿਸ ਮਗਰੋਂ ਦੋਰਾਂਗਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਕਮਲਦੀਪ ਸਿੰਘ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਜਾਅਲੀ ਭਾਰਤੀ ਕਰੰਸੀ ਦੇ ਪੰਜ ਪੰਜ ਸੌ ਦੇ ਸੱਤ ਨੋਟ ਬਰਾਮਦ ਹੋਏ। ਜਦੋਂ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਤਾਂ ਕਮਲਦੀਪ ਸਿੰਘ ਨੇ ਦੱਸਿਆ ਕਿ ਉਕਤ ਨੋਟ ਉਸਨੇ ਨਿਰਮਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਬਸੰਤਕੋਟ ਥਾਣਾ ਕੋਟਲੀ ਸੂਰਤ ਮੱਲ੍ਹੀ ਜਿਲ੍ਹਾ ਬਟਾਲਾ ਕੋਲੋਂ ਲਏ ਹਨ। ਪੁਲਿਸ ਨੇ ਜਦੋਂ ਦੂਜੇ ਮੁਲਜਮ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਕੋਲੋਂ ਵੀ ਦੋ ਲੱਖ ਰੁਪਏ ਕੀਮਤ ਦੇ ਪੰਜ ਪੰਜ ਸੌ ਵਾਲੇ 400 ਭਾਰਤੀ ਕਰੰਸੀ ਦੇ ਜਾਅਲੀ ਨੋਟ ਬਰਾਮਦ ਹੋਏ। ਡੀਐੱਸਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਫਿਲਹਾਲ ਪੁਲਿਸ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਮਗਰੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰੇਗੀ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਅਸਲ ਨੋਟਾਂ ਬਦਲੇ ਤਿੰਨ ਗੁਣਾ ਵੱਧ ਮਿਲਦੇ ਸਨ ਜਾਅਲੀ ਕਰੰਸੀ ਨੋਟ ਪੁਲਿਸ ਵੱਲੋਂ ਭਾਰਤੀ ਕਰੰਸੀ ਦੇ ਜਾਅਲੀ ਨੋਟਾਂ ਸਮੇਤ ਗ੍ਰਿਫਤਾਰ ਕੀਤੇ ਗਏ ਕਮਲਦੀਪ ਸਿੰਘ ਅਤੇ ਨਿਰਮਲ ਸਿੰਘ ਦੀ ਮੁਲਾਕਤ ਜੇਲ੍ਹ ਅੰਦਰ ਹੋਈ ਸੀ। ਜਿਸ ਮਗਰੋਂ ਦੋਵਾਂ ਨੇ ਜਾਅਲੀ ਨੋਟਾਂ ਦਾ ਕੰਮ ਕਰਨ ਦੀ ਯੋਜਨਾ ਬਣਾਈ। ਕਮਲਦੀਪ ਸਿੰਘ ਨੇ ਪੁਲਿਸ ਕੋਲ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਜਾਆਲੀ ਕਰੰਸੀ ਨੋਟ ਨਿਰਮਲ ਸਿੰਘ ਵਾਸੀ ਬਸੰਤਕੋਟ ਕੋਲੋਂ ਲਿਆਉਂਦਾ ਸੀ। ਕਮਲਦੀਪ ਸਿੰਘ ਨੂੰ ਨਿਰਮਲ ਸਿੰਘ ਕੋਲੋਂ ਅਸਲੀ ਨੋਟਾਂ ਦੇ ਬਦਲੇ ਤਿੰਨ ਗੁਣਾ ਵਧੇਰੇ ਜਾਅਲੀ ਨੋਟ ਮਿਲਦੇ ਸਨ। ਉਹ ਤੀਹ ਹਜ਼ਾਰ ਰੁਪਏ ਦੇ ਅਸਲੀ ਨੋਟਾਂ ਦੇ ਬਦਲੇ ਨਿਰਮਲ ਸਿੰਘ ਕੋਲੋਂ ਨੱਬੇ ਹਜ਼ਾਰ ਰੁਪਏ ਦੇ ਜਾਅਲੀ ਨੋਟ ਲਿਆਉਂਦਾ ਸੀ ਅਤੇ ਫਿਰ ਉਹ ਇਹ ਨੋਟ ਅਗਾਂਹ ਅਪਣੇ ਗਾਹਕਾਂ ਅਤੇ ਹੋਰਨਾਂ ਨੂੰ ਹੌਲੀ-ਹੌਲੀ ਦੇ ਦਿੰਦਾ ਸੀ। ਹੁਣ ਪੁਲਿਸ ਇਸ ਗੱਲ ਦਾ ਪਤਾ ਲਾਉਣ ਵਿੱਚ ਲੱਗੀ ਹੈ ਕਿ ਨਿਰਮਲ ਸਿੰਘ ਇਹ ਜਾਅਲੀ ਕਰੰਸੀ ਨੋਟ ਕਿੱਥੋਂ ਲਿਆਉਂਦਾ ਸੀ। ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਕਲੀ ਨੋਟਾਂ ਦੇ ਇਸ ਸਾਰੇ ਮਾਮਲੇ ਦੇ ਤਾਰ ਬਟਾਲਾ ਸ਼ਹਿਰ ਨਾਲ ਜੁੜੇ ਹੋਏ ਹੋ ਸਕਦੇ ਹਨ ਹਾਲਾਂਕਿ ਇਹ ਮੁਲਜਮਾਂ ਕੋਲੋਂ ਪੁੱਛਗਿੱਛ ਮਗਰੋਂ ਹੀ ਸਾਫ ਹੋ ਸਕੇਗਾ ਪਰ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।



