
ਲੁਧਿਆਣਾ, 15 ਅਕਤੂਬਰ : ਇੰਸਟਾਗਰਾਮ ਸੋਸ਼ਲ ਮੀਡੀਆ ਐਪ ‘ਤੇ ਲੜਕੀ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਉੱਪਰ ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ਲਿਖਣ ਦੇ ਚੱਲਦਿਆਂ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਅਨਮੋਲ ਡਾਂਗ ਨਾਮ ਦੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਚੰਡੀਗੜ੍ਹ ਰੋਡ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਉਸ ਨੇ ਜਦੋਂ ਇੰਸਟਾਗਰਾਮ ਚੈੱਕ ਕੀਤਾ ਤਾਂ ਉਸ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ ਸੀ। ਅਨਮੋਲ ਡਾਂਗ ਨਾਮ ਦੇ ਵਿਅਕਤੀ ਨੇ ਉਸ ਦੀਆਂ ਤਸਵੀਰਾਂ ‘ਤੇ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਲਿਖ ਦਿੱਤੀ ਸੀ। ਲੜਕੀ ਨੇ ਸ਼ਿਕਾਇਤ ਦਿੱਤੀ ਕਿ ਅਜਿਹਾ ਕਰਕੇ ਮੁਲਜ਼ਮ ਨੇ ਉਸ ਦੀ ਇੱਜਤ ਖਰਾਬ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਮੋਬਾਇਲ ਨੰਬਰ ਦੀ ਹੀ ਪੜਤਾਲ ਕੀਤੀ ਅਤੇ ਅਨਮੋਲ ਡਾਂਗ ਖ਼ਿਲਾਫ਼ ਬੀਐਨਐਸ ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ। ਥਾਣਾ ਡਿਵੀਜ਼ਨ ਨੰਬਰ ਸੱਤ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਇਸ ਮਾਮਲੇ ਦੀ ਡੁੰਗਾਈ ਨਾਲ ਪੜਤਾਲ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



