
ਅੰਮ੍ਰਿਤਸਰ, 20 ਅਗਸਤ : ਸਾਲ 2016 ਵਿਚ ਵਿਜੀਲੈਂਸ ਵਿਭਾਗ ਵੱਲੋਂ ਤਤਕਾਲੀ ਪੰਜਾਬ ਰੋਡਵੇਜ਼ ਇੰਸਪੈਕਟਰ ਗੁਰਦੀਪ ਸਿੰਘ ਖ਼ਿਲਾਫ਼ ਦਰਜ ਪਰਚਾ ਰੱਦ ਕਰਨ ਦੇ ਨਾਂ ਤੇ ਵੀਹ ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੰਗਲਵਾਰ ਰਾਤ ਨੂੰ ਦਰਜ ਕੀਤੀ ਗਈ ਇਸ ਨਵੀਂ ਐਫਆਈਆਰ ਵਿਚ ਕੰਟੋਨਮੈਂਟ ਥਾਣੇ ਦੀ ਪੁਲਿਸ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਜੈਨਪੁਰ ਦੇ ਰਹਿਣ ਵਾਲੇ ਰਣਜੀਤ ਸਿੰਘ ਅਤੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਦਲਬੀਰ ਸਿੰਘ ਦੀ ਭਾਲ ਕਰ ਰਹੀ ਹੈ। ਏਸੀਪੀ ਸ਼ਿਵ ਦਰਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ। ਲੋਹਾਰਕਾ ਰੋਡ ਤੇ ਸਥਿਤ ਇੰਪੀਰੀਅਲ ਸਿਟੀ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਕੰਟੋਨਮੈਂਟ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਵਿਚ ਕੰਮ ਕਰਦਾ ਹੈ। ਉਹ 30 ਜੂਨ 2018 ਨੂੰ ਵਿਭਾਗ ਤੋਂ ਸੇਵਾਮੁਕਤ ਹੋਇਆ ਸੀ। 2016 ਵਿਚ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਉਸ ਦੇ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਕੇਸ ਦੀ ਸੁਣਵਾਈ ਦੌਰਾਨ ਉਹ ਦੋ ਦੋਸ਼ੀਆਂ ਨੂੰ ਮਿਿਲਆ। ਦੋਸ਼ੀਆਂ ਨੇ ਉਸ ਨੂੰ ਦੱਸਿਆ ਸੀ ਕਿ ਉਹ ਬਹੁਤ ਸਾਰੇ ਵਿਜੀਲੈਂਸ ਅਧਿਕਾਰੀਆਂ ਨੂੰ ਜਾਣਦੇ ਹਨ ਅਤੇ ਉਹ ਉਸ ਦਾ ਪਰਚਾ ਰੱਦ ਕਰਵਾ ਸਕਦੇ ਹਨ। ਗੁਰਦੀਪ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਦੇ ਜਾਲ ਵਿਚ ਫਸ ਗਿਆ ਅਤੇ ਪਰਚਾ ਰੱਦ ਕਰਵਾਉਣ ਦੇ ਬਦਲੇ ਉਸ ਤੋਂ ਵੀਹ ਲੱਖ ਦੀ ਮੰਗ ਕੀਤੀ। ਉਸ ਨੇ ਕਿਸੇ ਤਰ੍ਹਾਂ ਪੈਸੇ ਦਾ ਪ੍ਰਬੰਧ ਕੀਤਾ ਅਤੇ ਪੈਸੇ ਦੋਸ਼ੀਆਂ ਨੂੰ ਦੇ ਦਿੱਤੇ। ਇੰਨਾ ਸਮਾਂ ਬੀਤਣ ਦੇ ਬਾਵਜੂਦ ਮੁਲਜਮਾਂ ਨੇ ਕੰਮ ਨਹੀਂ ਕੀਤਾ ਅਤੇ ਉਸ ਨਾਲ ਵੀਹ ਲੱਖ ਰੁਪਏ ਦੀ ਠੱਗੀ ਮਾਰੀ।



