
ਪੱਟੀ, 20 ਅਗਸਤ : ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ ਛੱਡੇ ਗਏ ਪਾਣੀ ਕਾਰਣ ਪਿਛਲੇ ਇਕ ਹਫਤੇ ਤੋਂ ਧੁੱਸੀ ਬੰਨ੍ਹ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਦੋ ਜਗ੍ਹਾ ਤੋਂ ਖੋਰਾ ਲਗਾਇਆ ਹੈ, ਜਿਸ ਦੀ ਪੂਰਤੀ ਲਈ ਧਾਰਮਿਕ ਸੰਪਰਦਾਵਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਬੇਸ਼ੱਕ ਪ੍ਰਸ਼ਸ਼ਨਿਕ ਅਧਿਕਾਰੀਆਂ ਦੇ ਕਹਿਣ ਮੁਤਾਬਕ ਪਾਣੀ ਦਾ ਪੱਧਰ ਘਟਿਆ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਹੈ। ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਜਦੋ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਸਿਆਸੀ ’ਤੇ ਪ੍ਰਸ਼ਾਸ਼ਨਿਕ ਅਧਿਕਾਰੀ ਦੀਆਂ ਗੇੜੀਆਂ ਸ਼ੁਰੂ ਹੋ ਜਾਦੀਆਂ ਹਨ ਪਰ ਜਦੋਂ ਪਾਣੀ ਉੱਤਰ ਜਾਂਦਾ ਹੈ ਤਾਂ ਬੰਨ੍ਹ ਬਾਰੇ ਕੋਈ ਨਹੀਂ ਸੋਚਦਾ। ਹਰ ਸਾਲ ਪਾਣੀ ਦਾ ਸੰਤਾਪ ਭੋਗਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਉੱਤਰ ਜਾਂਦਾ ਤਾਂ ਅਲੱਗ ਅਲੱਗ ਬਿਮਾਰੀਆਂ ਦਾ ਖਦਸ਼ਾ ਵਧ ਜਾਂਦਾ ਹੈ ਪਰ ਸਿਹਤ ਵਿਭਗ ਵੱਲੋਂ ਪ੍ਰਭਾਵਿਤ ਪਿੰਡਾਂ ਅੰਦਰ ਕੋਈ ਮੈਡੀਕਲ ਟੀਮ ਨਹੀਂ ਭੇਜੀ ਗਈ। ਇਥੇ ਖਾਣ ਪੀਣ ਦਾ ਪ੍ਰਬੰਦ ਵੀ ਵੱਖ ਵੱਖ ਧਾਰਮਿਕ ਸੰਪਰਦਾਵਾਂ ਵੱਲੋਂ ਕੀਤਾ ਗਿਆ ਹੈ। ਧੁੱਸੀ ਬੰਨ੍ਹ ਤੇ ਪਏ ਵੱਡੇ ਵੱਡੇ ਖੱਡੇ ਡਰੇਨੇਜ਼ ਵਿਭਾਗ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿੰਡ ਸਭਰਾ, ਕੁੱਤੀਵਾਲਾ, ਘੁੱਲੇਵਾਲਾ, ਰਾਧਲਕੇ, ਚੁੱਗੀਆਂ, ਭੂਰਾ ਹਥਾੜ੍ਹ, ਭਾਣੇਕੇ, ਗੱਗੜਕੇ, ਜੱਲੋਕੇ, ਬੰਗਲਾ ਰਾਏ, ਕੋਟਬੁੱਢਾ, ਬੱਲੜਕੇ, ਭੋਜੋਕੇ, ਘੜੁੰਮ, ਗਦਾਈਕੇ ਅਤੇ ਡੂਮਣੀ ਵਾਲਾ ਪਿੰਡਾਂ ਦੀ ਸੈਂਕੜੇ ਏਕੜ ਜਮੀਨ ਫਸਲ ਪਾਣੀ ਵਿਚ ਡੁੱਬ ਚੁੱਕੀ ਹੈ ਅਤੇ ਸਥਾਨਕ ਲੋਕਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਸਤਬੀਰ ਸਿੰਘ, ਗੁਰਬਿੰਦਰ ਸਿੰਘ ਅਤੇ ਸਤਨਾਮ ਸਿੰਘ ਅਤੇ ਹੋਰ ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਆਏ ਹੜ੍ਹ ਦੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ। ਉਸ ਸਮੇਂ ਪੰਜਾਬ ਸਰਕਾਰ ਅਤੇ ਡਰੇਨੇਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਅਗਲੇ ਫਲੱਡ ਸੀਜ਼ਨ ਤੋਂ ਪਹਿਲਾਂ ਇਸ ਧੁੱਸੀ ਬੰਨ੍ਹ ਦੇ ਨਾਜੁਕ ਸਥਾਨਾਂ ਦੀ ਪੱਥਰ ਲਗਾ ਕੇ ਮਰੁੰਮਤ ਕਰ ਦਿੱਤੀ ਜਾਵੇਗੀ। ਪਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੁੱਸੀ ਬੰਨ੍ਹ ਦੇ ਖਤਰੇ ਵਾਲੀ ਜਗ੍ਹਾ ਦਾ ਮੁੜ ਦੌਰਾ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਰੇਨੇਜ਼ ਵਿਭਾਗ ਵੱਲੋਂ ਫਲੱਡ ਸੀਜ਼ਨ ਦੀ ਅਣਦੇਖੀ ਕਰਨ ਕਰਕੇ ਬੰਨ੍ਹ ਟੁੱਟਣ ਦਾ ਖਤਰਾ ਜਿਉਂ ਦੀ ਤਿਉਂ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਬੀਤੇ ਕੱਲ੍ਹ ਡਰੇਨੇਜ਼ ਵਿਭਾਗ ਦੇ ਠੇਕੇਦਾਰ ਵੱਲੋਂ ਘਟੀਆ ਕਿਸਮ ਦੀਆਂ ਬੋਰੀਆਂ ਦਿੱਤੇ ਜਾਣ ’ਤੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰਾਤ ਸਮੇਂ ਐੱਸਡੀਐੱਮ ਪੱਟੀ ਪ੍ਰੀਤ ਇੰਦਰ ਸਿੰਘ ਵੱਲੋਂ ਮੌਕੇ ’ਤੇ ਪੁੱਜ ਕੇ ਸਬੰਧਤ ਠੇਕੇਦਾਰ ਨੂੰ ਚੰਗੀ ਕਿਸਮ ਦੀਆਂ ਬੋਰੀਆਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਜਥੇਦਾਰ ਬਾਬਾ ਬੀਰਾ ਸਿੰਘ ਨੇ ਦੱਸਿਆ ਮਹਾਂਪੁਰਸ਼ਾਂ ਵੱਲੋਂ ਅੱਜ ਚਾਰ ਦਿਨ ਹੋ ਗਏ ਹਨ ਸੇਵਾ ਕਰਦਿਆਂ ਨੂੰ। ਸੁਖਦੇਵ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ ਹੈਪੀ, ਜਰਮਨਜੀਤ ਸਿੰਘ, ਕੁਲਦੀਪ ਸਿੰਘ, ਕੇਹਰ ਸਿੰਘ, ਜਥੇਦਾਰ ਦਲਬੀਰ ਸਿੰਘ, ਜਥੇਦਾਰ ਹਿੰਮਤ ਸਿੰਘ ਜਥੇਦਾਰ ਤਰਸੇਮ ਸਿੰਘ,ਦਲਜੀਤ ਸਿੰਘ ਦਿਲਬਾਗ ਸਿੰਘ ਡਾਕਟਰ ਗੁਰਸਾਬ ਸਿੰਘ ਬੁਰਜ ਲਖਵਿੰਦਰ ਸਿੰਘ ਕੁਲਦੀਪ ਸਿੰਘ ਗੁਰਜਿੰਦਰ ਸਿੰਘ, ਜਥੇਦਾਰ ਸ਼ਬਦਲ ਸਿੰਘ, ਜਥੇਦਾਰ ਪ੍ਰਿਤਪਾਲ ਸਿੰਘ ਆਦਿ ਨੇ ਵੀ ਰੋਸ ਜਾਹਿਰ ਕੀਤਾ।



