Punjab

ਜਾਨਾਂ ਬਚਾਉਣ ਲਈ ਰਾਤ ਵੇਲੇ ਬੇੜੀ ਰਾਹੀਂ ਪਾਰ ਕੀਤਾ ਸੀ ਰਾਵੀ ਦਰਿਆ : ਡੀਐੱਸਪੀ ਕਿਰਪਾਲ ਸਿੰਘ

ਕਲਾਨੌਰ, 20 ਅਗਸਤ : ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ ਦੇਸ਼ ਨੂੰ ਬ੍ਰਿਟਸ਼ ਸਰਕਾਰ ਦੀ ਗੁਲਾਮੀ ਦੀਆਂ ਜ਼ੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਜਿੱਥੇ ਹਿੰਦੂ,ਸਿੱਖ,ਇਸਾਈ ਅਤੇ ਮੁਸਲਮਾਨਾਂ ਨੇ ਇਕੱਠਿਆਂ ਹੋ ਕੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਸੀ, ਉੱਥੇ ਅੰਗਰੇਜ਼ ਸਰਕਾਰ ਦੀਆਂ ਗੁਲਾਮੀ ਦੀਆਂ ਜ਼ੰਜ਼ੀਰਾਂ ਟੁੱਟਦੇ ਹੀ ਆਜ਼ਾਦੀ ਦੀ ਖੁਸ਼ੀ ਦੇ ਕੁਝ ਪਲਾਂ ਤੋਂ ਬਾਅਦ ਹੀ ਅੰਗਰੇਜ਼ਾਂ ਨੇ ਦੇਸ਼ ਦੇ ਦੋ ਟੁੱਕੜੇ ਕਰਦਿਆਂ ਹੋਇਆਂ ਮੁਸਲਮਾਨਾਂ ਲਈ ਪਾਕਿਸਤਾਨ ਬਣਦਿਆਂ ਹੀ ਬਰਬਾਦੀ ਸ਼ੁਰੂ ਹੋ ਗਈ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਪਾਕਿਸਤਾਨ ਦੀ ਵੰਡ ਦਾ ਦਰਦ ਆਪਣੀਆਂ ਅੱਖਾਂ ਸਾਹਮਣੇ ਵੇਖਣ ਵਾਲੇ ਸੇਵਾ ਮੁਕਤ ਡੀਐੱਸਪੀ ਬਾਪੂ ਕਿਰਪਾਲ ਸਿੰਘ ਹਰੂਵਾਲ ਨੇ ਕੀਤਾ। ਉਹਨਾਂ ਕਿਹਾ ਕਿ ਆਜ਼ਾਦੀ ਮਿਲਦਿਆ ਹੀ ਉਹਨਾਂ ਉਹ ਰੰਗ ਵੇਖੇ ਸਨ ਕਿ ਸਾਨੂੰ ਆਪਣੀਆ ਜਾਨਾ ਬਚਾਉਣ ਲਈ ਰਾਤ ਦੇ ਹਨ੍ਹੇਰੇ ਵਿੱਚ ਵਰ੍ਹਦੇ ਮੀਂਹ ਵਿੱਚ ਬੇੜੀ ਤੇ ਚੜ੍ਹ ਕੇ ਰਾਵੀ ਦਰਿਆ ਪਾਰ ਕਰਨਾ ਪਿਆ ਸੀ ਅਤੇ ਉਸ ਸਮੇਂ ਇੰਨੀ ਕਤਲੇਆਮ ਹੋਈ ਸੀ ਕਿ ਰਾਵੀ ਦਰਿਆ ਵਿੱਚ ਔਰਤਾਂ,ਬੱਚਿਆਂ ਅਤੇ ਬੰਦਿਆਂ ਦੀਆਂ ਲਾਸ਼ਾ ਵਹਿੰਦੀਆ ਜਾ ਰਹੀਆ ਸਨ। ਸੇਵਾਮੁਕਤ ਡੀਐੱਸਪੀ ਬਾਪੂ ਕਿਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ ਪਿਤਾ ਸਰੈਣ ਸਿੰਘ ਦੇ ਘਰ ਮਾਤਾ ਅਤਰ ਕੌਰ ਦੀ ਕੁੱਖੋਂ 31 ਮਈ 1936 ਨੂੰ ਪਿੰਡ ਜੈ ਸਿੰਘ ਵਾਲਾ ਪੁਲਿਸ ਸਟੇਸ਼ਨ ਨਾਰੰਗ ਤਹਿਸੀਲ ਸ਼ਾਹਦਰਾ ਜ਼ਿਲ੍ਹਾ ਸੇਖੂਪੁਰ (ਪਾਕਿਸਤਾਨ) ਵਿੱਚ ਹੋਇਆ। ਉਸ ਦੇ ਦੋ ਭਰਾ ਅਤੇ ਚਾਰ ਭੈਣਾਂ ਸਨ ਅਤੇ ਉਸ ਸਮੇਂ ਮੇਰਾ ਵੱਡਾ ਭਰਾ ਆਰਮੀ ਵਿੱਚ ਸੀ। ਉਸ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਮੈਂ ਪਿੰਡ ਜੈ ਸਿੰਘ ਵਾਲਾ ਦੇ ਪ੍ਰਾਇਮਰੀ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਸਾਂ ਅਤੇ ਪਾਕਿਸਤਾਨ ਵਿੱਚ ਬਚਪਨ ‘ਚ ਮੁਸਲਮਾਨ ਸ਼ਾਇਦ ਅਹਿਮਦ ਪੁੱਤਰ ਜਲਾਲਦੀਨ ਉਨ੍ਹਾਂ ਦਾ ਜਿਗਰੀ ਯਾਰ ਸੀ। ਉਸ ਨੇ ਦੱਸਿਆ ਕਿ ਦੇਸ਼ ਨੂੰ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦੀ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਸਿਆਲਕੋਟ ਵਿੱਚ ਵੰਡ ਦਾ ਰੌਲਾ ਪੈਣ ਤੇ ਹਿੰਦੂ, ਸਿੱਖਾ ਦੀ ਹੋਈ ਕਤਲੋਗਾਰਤ ਦੀ ਖ਼ਬਰ ਸਾਡੇ ਪਿੰਡ ਜੈ ਸਿੰਘ ਵਾਲਾ ਪੁੱਜਣ ਤੇ ਰਾਤੋ ਰਾਤ ਸਿੱਖ ਅਤੇ ਹਿੰਦੂ ਮੁਸਲਮਾਨਾ ਦੇ ਹਮਲਿਆ ਤੋਂ ਡਰੇ ਵਰ੍ਹਦੇ ਮੀਹ ਵਿੱਚ ਖਾਲੀ ਹੱਥ ਘਰੋ ਨਿਕਲੇ ਸਨ। ਪਿੰਡ ਵਿੱਚੋਂ ਨਿਕਲਦਿਆ ਹੀ ਨਾਲ ਲੱਗਦੇ ਪਿੰਡ ਮਾਨਾਵਾਲਾ,ਕਰਾਲੀ, ਰਈਆ, ਮਹਿਤਾ ਸੂਜਾ ਆਦਿ ਪਿੰਡਾ ਦੇ ਲੋਕ ਵੀ ਕਾਫਲੇ ਵਿੱਚ ਸ਼ਾਮਲ ਹੋ ਗਏ ਸਨ। ਜਦੋ ਉਹ ਵਰ੍ਹਦੇ ਮੀਂਹ ਵਿੱਚ ਰਾਵੀ ਦਰਿਆ ਦੇ ਪੱਤਣ ਭਿੰਡੀਆ ਸੈਦਾ ਕਿਸ਼ਤੀ ਰਾਹੀ ਪਾਰ ਕੀਤਾ ਸੀ ਅਤੇ ਰਾਵੀ ਦਰਿਆ ਦੇ ਤੇਜ਼ ਵਹਾਅ ਪਾਣੀ ਵਿੱਚ ਔਰਤਾਂ, ਮਰਦਾ ਬਚਿਆ ਦੀਆਂ ਲਾਸ਼ਾ ਰੁੜ੍ਹਦੀਆ ਜਾ ਰਹੀਆ ਸਨ ਅਤੇ ਰਾਵੀ ਦਾ ਪਾਣੀ ਲਹੂ ਨਾਲ ਲਾਲ ਹੋਇਆ ਪਿਆ ਸੀ। ਉਹਨਾਂ ਦੇ ਜਥੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਪਰਿਵਾਰ ਵੀ ਪਿੰਡ ਜੈ ਸਿੰਘ ਵਾਲਾ ਤੋਂ ਇਸ ਜਥੇ ਵਿੱਚ ਸ਼ਾਮਲ ਹੋ ਕੇ ਇਧਰ ਪਹੁੰਚਿਆ ਸੀ। ਰਾਵੀ ਦਰਿਆ ਪਾਰ ਕਰਨ ਤੋਂ ਬਾਅਦ ਉਹ ਅਜਨਾਲੇ ਨਾਲ ਲੱਗਦੇ ਪਿੰਡ ਲੱਖੂਵਾਲ ਵਿਖੇ ਆਪਣੇ ਨਾਨਕੇ ਪਿੰਡ ਰਹੇ ਸਨ ਅਤੇ ਸਤੰਬਰ 1947 ਨੂੰ ਉਹਨਾਂ ਨੂੰ ਜ਼ਮੀਨਾ ਦੀ ਅਲਾਟਮੈਂਟ ਪਿੰਡ ਭੰਡਵਾਂ ਔਜਲਾ ਵਿਖੇ ਹੋਈ ਸੀ। ਉਸ ਤੋਂ ਬਾਅਦ ਉਹ ਪਿੰਡ ਹਰੂਵਾਲ ਡੇਰਾ ਬਾਬਾ ਨਾਨਕ ਨਜ਼ਦੀਕ ਆ ਬੈਠੇ। ਸੰਨ 1954 ਵਿੱਚ ਸਾਬਕਾ ਵਿਧਾਨ ਸਭਾ ਦੇ ਸਪੀਕਰ ਮਰਹੂਮ ਦੇ ਨਿਰਮਲ ਸਿੰਘ ਨਾਲ ਐੱਸਡੀ ਹਾਈ ਸਕੂਲ ਫਤਿਹਗੜ ਚੂੜੀਆ ਤੇ ਦਸਵੀਂ ਪਾਸ ਕੀਤੀ ਅਤੇ ਅਤੇ 1957 ਵਿੱਚ ਪੁਲਿਸ ਵਿੱਚ ਭਰਤੀ ਹੋਇਆ ਤੇ ਬੀਐੱਸਐੱਫ ਵਿੱਚ ਡੀਐੱਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਬਾਪੂ ਕਿਰਪਾਲ ਸਿੰਘ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ,ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਅਨੇਕਾਂ ਦੇਸ਼ ਦੇ ਮਹਾਨ ਸਪੂਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰੰਤੂ ਅਫ਼ਸੋਸ਼ ਕੇ ਆਜ਼ਾਦੀ ਮਿਲਦੇ ਹੀ ਜਿੱਥੇ ਲੱਖਾਂ ਬੇਦੋਸ਼ੇ ਲੋਕਾਂ ਦਾ ਕਤਲੇਆਮ ਹੋਇਆ ਉੱਥੇ ਹਿੰਦੂ ਸਿੱਖਾਂ ਨੂੰ ਉਜੜ ਕੇ ਇਧਰ ਆਉਣਾ ਪਿਆ ਜਦਕਿ ਆਜ਼ਾਦੀ ਮਿਲਣ ਤੋਂ ਬਾਅਦ ਵੀ ਅੰਗਰੇਜ਼ਾਂ ਵਾਲੀਆਂ ਬੁਰਿਆਈਆਂ ਭਾਰਤ ਦੇਸ਼ ਵਿੱਚ ਵੀ ਪਣਪੀਆਂ ਹਨ ਅਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਜਿੱਥੇ ਪਾਕਿਸਤਾਨ ਦੀ ਵੰਡ ਮੌਕੇ ਪਹਿਲਾਂ ਹਿੰਦੂ ਸਿੱਖਾਂ ਦੀ ਕਤਲੇਆਮ ਦੀ ਸ਼ੁਰੂਆਤ ਕੀਤੀ ਸੀ ਉੱਥੇ ਅਜੇ ਵੀ ਸਰਹੱਦ ਪਾਰੋ ਨਸ਼ੀਲੇ ਪਦਾਰਥ ਅਤੇ ਹਥਿਆਰ ਭਾਰਤੀ ਖੇਤਰ ਵਿਚ ਭੇਜ ਕੇ ਨੌਜਵਾਨ ਪੀੜੀ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।

Related Articles

Leave a Reply

Your email address will not be published. Required fields are marked *

Back to top button