
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 20 ਅਗਸਤ : ਪੰਜਾਬ ਦੇ ਲੋਕਾਂ ਵੱਲੋਂ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ’ਚ ਅਪਰਾਧ ਕਰਨ ਤੋਂ ਬਾਅਦ ਡਿਪੋਰਟ ਹੋਣ ਦੀ ਨੌਬਤ ਆਉਣ ’ਤੇ ‘ਭਾਰਤ ’ਚ ਮੇਰੀ ਜਾਨ ਨੂੰ ਖਤਰਾ ਹੈ’ ਦਲੀਲ ਦੇਣ ਦਾ ਮੁੱਦਾ ਇਕ ਵਾਰੀ ਮੁੜ ਉੱਭਰ ਆਇਆ ਹੈ। ਅਮਰੀਕਾ ’ਚ 12 ਅਗਸਤ ਨੂੰ ਲਾਪਰਵਾਹੀ ਨਾਲ ਟਰੱਕ ਦੇ ਯੂਟਰਨ ਲੈਣ ਕਾਰਨ ਤੋ ਵਾਪਰੇ ਹਾਦਸੇ ’ਚ ਗ੍ਰਿਫ਼ਤਾਰ ਪੰਜਾਬੀ ਮੂਲ ਦੇ ਡਰਾਈਵਰ ਹਰਜਿੰਦਰ ਸਿੰਘ (25) ਨੇ ਇਹ ਕਹਿ ਕੇ ਭਾਰਤ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉੱਥੇ ਉਸਦੀ ਜਾਨ ਨੂੰ ਖ਼ਤਰਾ ਹੈ। ਹਰਜਿੰਦਰ ਸਿੰਘ ਦਾ ਭਾਰਤ ’ਚ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਸ਼ਰਨ ਲੈਣ ਦਾ ਮਾਮਲਾ ਨਵਾਂ ਨਹੀਂ ਹੈ, ਹਜ਼ਾਰਾਂ ਨੌਜਵਾਨਾਂ ਤੇ ਭਾਰਤ-ਵਿਰੋਧੀ ਅਨਸਰਾਂ ਨੇ ਅਜਿਹਾ ਕਰ ਕੇ ਵਿਦੇਸ਼ ’ਚ ਸਿਆਸੀਸ਼ਰਨ ਲਈ ਹੋਈ ਹੈ। ਹਰਜਿੰਦਰ ਨੂੰ ਫਲੋਰਿਡਾ ਹਾਈਵੇ ਸੇਫਟੀ ਐਂਡ ਮੋਟਰ ਵ੍ਹੀਕਲਸ ਨੇ ਲਾਪਰਵਾਹੀ ਨਾਲ ਟਰੱਕ ਚਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਉਸਦੀ ਲਾਪਰਵਾਹੀ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।ਹੁਣ ਉਸਨੂੰ ਵਾਪਸ ਭਾਰਤ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਤਾਂ ਉਸਨੇ ਭਾਰਤ ਪਰਤਣ ’ਤੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਹ 2019 ਤੋਂ ਅਮਰੀਕਾ ’ਚ ਸ਼ਰਨਾਰਥੀ ਦੇ ਰੂਪ ’ਚ ਰਹਿ ਰਿਹਾ ਹੈ। ਹਰਜਿੰਦਰ ਸਿੰਘ ਨੇ ਸਤੰਬਰ 2018 ’ਚ ਦੱਖਣੀ ਸਰਹੱਦ ਪਾਰ ਕਰ ਕੇ ਕੈਲੀਫੋਰਨੀਆ ’ਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਹੋਇਆ ਸੀ। ਸਰਹੱਦ ਪਾਰ ਕਰਨ ਦੇ ਦੋ ਦਿਨਾਂ ਬਾਅਦ ਹੀ ਬਾਰਡਰ ਪੈਟਰੋਲ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਅਮਰੀਕੀ ਪ੍ਰਸ਼ਾਸਨ ਨੇ ਉਸਨੂੰ ਫਾਸਟ ਟ੍ਰੈਕ ਡਿਪੋਰਟੇਸ਼ਨ ਦੀ ਪ੍ਰਕਿਰਿਆ ’ਚ ਪਾ ਦਿੱਤਾ ਸੀ। ਉਸ ਸਮੇਂ ਵੀ ਹਰਜਿੰਦਰ ਨੇ ਦਾਅਵਾ ਕੀਤਾ ਸੀ ਕਿ ਭਾਰਤ ’ਚ ਉਸਦੀ ਜਾਨ ਨੂੰ ਖ਼ਤਰਾ ਹੈ।



