Punjab

ਅਮਰੀਕਾ ਤੋਂ ਬਾਅਦ ਹੁਣ ਪੁਰਤਗਾਲ ’ਚ 13000 ਤੋਂ ਵੱਧ ਭਾਰਤੀਆਂ ’ਤੇ ਲਟਕੀ ਦੇਸ਼-ਨਿਕਾਲੇ ਦੀ ਤਲਵਾਰ

ਜਲੰਧਰ, 19 ਅਗਸਤ : ਅਮਰੀਕਾ ਤੋਂ ਬਾਅਦ ਯੂਰਪੀ ਦੇਸ਼ ਪੁਰਤਗਾਲ ’ਚ ਰਹਿ ਰਹੇ ਵਿਦੇਸ਼ੀਆ, ਜਿਨ੍ਹਾਂ ’ਚ 13,380 ਦੇ ਕਰੀਬ ਭਾਰਤੀ ਸ਼ਾਮਲ ਹਨ, ਉਪਰ ਵੀ ਦੇਸ਼-ਨਿਕਾਲੇ ਦੀ ਤਲਵਾਰ ਲਟਕ ਗਈ ਹੈ। ਪੁਰਤਗਾਲ ’ਚ 2 ਮਹੀਨੇ ਪਹਿਲਾਂ ਬਣੀ ਸਰਕਾਰ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆ ਇੰਮੀਗ੍ਰਾਂਟਸ ਵਿਰੋਧੀ ਨੀਤੀਆ ਅਪਣਾ ਕੇ ਵਿਦੇਸ਼ੀਆ ਨੂੰ ਦੇਸ਼ ’ਚੋਂ ਕੱਢਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਪੁਰਤਗਾਲ ’ਚ ਕੱਢੇ ਜਾਣ ਵਾਲੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਵਿਦੇਸ਼ੀਆ ਦੀ ਗਿਣਤੀ 4 ਲੱਖ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਉਥੋਂ ਦੀ ਨਵੀਂ ਸਰਕਾਰ ਨੇ ਡਿਟੇਨ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਅਜਿਹੇ ਵਿਦੇਸ਼ੀਆ ਨੂੰ ਰੱਖਣ ਲਈ ਡਿਟੇਨ ਸੈਂਟਰ ਵੀ ਤਿਆਰ ਕਰ ਲਏ ਹਨ ਤਾਂ ਉਨ੍ਹਾਂ ਨੂੰ ਡਿਟੇਨ ਸੈਂਟਰਾਂ ’ਚ ਰੱਖ ਕੇ ਉਥੋਂ ਉਨ੍ਹਾਂ ਦੇ ਸਬੰਧਤ ਦੇਸ਼ਾਂ ਨੂੰ ਜਹਾਜ਼ਾਂ ਰਾਹੀਂ ਭੇਜਿਆ ਜਾ ਸਕੇ।ਪੁਰਤਗਾਲ ਦੀ ਨਵੀਂ ਸਰਕਾਰ ਦੇ ਇਸ ਧੱਕੇਸ਼ਾਹੀ ਵਾਲੇ ਕਦਮ ਨਾਲ ਉਥੋਂ ਰਹਿ ਰਹੇ ਵਿਦੇਸ਼ੀਆ ’ਚ ਦਹਿਸ਼ਤ ਪਾਈ ਜਾ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਾਸੀ ਧਰਮਜੀਤ ਸਿੰਘ ਸੈਣੀ, ਹਰਿਆਣਾ ਵਾਸੀ ਗੁਰਸੇਵਕ ਸਿੰਘ ਤੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਨੇ ‘ਪੰਜਾਬੀ ਜਾਗਰਣ’ ਨਾਲ ਆਪਣੀ ਹੱਡਬੀਤੀ ਸਾਂਝੀ ਕਰਦਿਆ ਦੱਸਿਆ ਕਿ ਉਹ ਪੁਰਤਰਾਲ ਦੇ ਕਾਨੂੰਨ ਮੁਤਾਬਕ ਹੀ ਇੱਥੇ ਆਏ ਹਨ ਅਤੇ ਪਿਛਲੇ 5-6 ਸਾਲ ਤੋਂ ਸਰਕਾਰ ਨੂੰ ਟੈਕਸ ਦੇ ਰਹੇ ਹਨ। ਇਹ ਸਾਰੇ ਕਾਨੂੰਨੀ ਤੌਰ ’ਤੇ ਉਥੇ ਰਹਿ ਰਹੇ ਹਨ ਅਤੇ ਸਰਕਾਰ ਦੀਆ ਮੈਡੀਕਲ ਸਹੂਲਤਾਂ ਵੀ ਲੈ ਰਹੇ ਹਨ। ਇਸ ਦੇ ਬਾਵਜੂਦ ਨਵੀਂ ਸਰਕਾਰ ਧੱਕੇ ਨਾਲ ਉਨ੍ਹਾਂ ਨੂੰ ਉਥੋਂ ਕੱਢਣਾ ਚਾਹੁੰਦੀ ਹੈ। ਕਈਆ ਨੂੰ ਤਾਂ ਪੁਰਤਗਾਲ ਦੀ ਸਰਕਾਰ ਨੇ ਫੜ ਕੇ ਜੇਲ੍ਹਾਂ ’ਚ ਵੀ ਬੰਦ ਕਰ ਦਿੱਤਾ ਹੈ, ਜਿਨ੍ਹਾਂ ’ਚ 10-12 ਭਾਰਤੀ ਸ਼ਾਮਲ ਹਨ। ਧਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਪੁਰਤਗਾਲ ਦੇ ਪੁਰਾਣੇ ਇਮੀਗਰੇਸ਼ਨ ਕਾਨੂੰਨ 88 ਤੇ 89 ਮੁਤਾਬਕ ਜੇਕਰ ਕੋਈ ਗੈਰ-ਪੁਰਤਗਾਲੀ ਇੱਥੇ ਆ ਕੇ ਕਾਨੂੰਨੀ ਢੰਗ ਨਾਲ ਪਰਮਿਟ ਲੈ ਲੈਂਦਾ ਹੈ ਤਾਂ ਉਹ ਉਥੇ ਰਹਿ ਸਕਦਾ ਹੈ। ਉਥੋਂ ਦਾ ਕਾਨੂੰਨ ਹੈ ਕਿ ਕੋਈ ਵੀ ਵਿਦੇਸ਼ੀ ਉਥੇ ਆ ਕੇ ਸਾਰੇ ਕਾਨੂੰਨਾਂ ਦਾ ਪਾਲਣ ਕਰਦਾ ਹੈ ਤਾਂ ਉਸ ਨੂੰ 90 ਦਿਨਾਂ ਅੰਦਰ ਹੀ ਇਹ ਦੱਸ ਦਿੱਤਾ ਜਾਂਦਾ ਹੈ ਕਿ ਉਹ ਉਥੇ ਰਹਿ ਸਕਦਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਉਸ ਉਪਰ ਕੁਝ ਨਿਗਰਾਨੀਆ ਵੀ ਲਾ ਦਿੱਤੀਆ ਜਾਂਦੀਆ ਹਨ। ਪੰਜ ਸਾਲਾਂ ਬਾਅਦ ਉਕਤ ਵਿਦੇਸ਼ੀ ਨੂੰ ਪੁਰਤਗਾਲ ਸਰਕਾਰ ਵੱਲੋਂ ਰੈਜ਼ੀਡੈਂਸੀ ਕਾਰਡ ਦੇ ਦਿੱਤਾ ਜਾਂਦਾ ਸੀ ਪਰ ਮੌਜੂਦਾ ਸਰਕਾਰ ਨੇ ਇਹ ਸ਼ਰਤ 10 ਸਾਲ ਕਰ ਦਿੱਤੀ ਹੈ, ਜਿਸ ਨੂੰ ਪੁਰਾਣੇ ਰਹਿ ਰਹੇ ਵਿਦੇਸ਼ੀਆ ’ਤੇ ਵੀ ਥੋਪਿਆ ਜਾ ਰਿਹਾ ਹੈ।

ਬੱਚਿਆਂ ਤੇ ਮਾਪਿਆਂ ਵਿਚਾਲੇ ਪੈ ਜਾਵੇਗਾ ਵਿਛੋੜਾ

ਪੁਰਤਗਾਲ ’ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦੇਸ਼ੀਆ ’ਚ ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੇ ਉਥੋਂ ਆਪਣੇ ਘਰ ਬਣਾਏ ਹੋਏ ਹਨ ਅਤੇ ਕਈਆ ਦੇ ਬੱਚੇ ਵੀ ਓਧਰ ਹੀ ਪੈਦਾ ਹੋਏ ਹਨ। ਜੇਕਰ ਅਜਿਹੇ ਲੋਕਾਂ ਨੂੰ ਉਥੋਂ ਦੀ ਸਰਕਾਰ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਤਾਂ ਪੁਰਤਗਾਲ ’ਚ ਜੰਮੇ ਬੱਚੇ ਆਪਣੇ ਮਾਪਿਆ ਕੋਲੋਂ ਸਦਾ ਲਈ ਦੂਰ ਹੋ ਜਾਣਗੇ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਪਰਤਲਾਗ ਦੀ ਪੁਲਿਸ ਨੇ ਫੜ ਕੇ ਜੇਲ੍ਹਾਂ ਅੰਦਰ ਡੱਕ ਦਿੱਤਾ ਹੋਇਆ ਹੈ।

ਪੀੜਤਾਂ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ੀ ਮੰਤਰੀ ਨੂੰ ਮਦਦ ਦੀ ਕੀਤੀ ਅਪੀਲ

ਪੁਰਤਗਾਲ ’ਚ ਡਿਪੋਰਟ ਹੋਣ ਜਾ ਰਹੇ ਭਾਰਤੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੂੰ ਈਮੇਲ ਰਾਹੀਂ ਪੱਤਰ ਭੇਜ ਕੇ ਪੁਰਤਗਾਲ ਸਰਕਾਰ ਕੋਲ ਉਕਤ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ। ਧਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਵਿਦੇਸ਼ ਮੰਤਰੀ ਪੁਰਤਗਾਲ ਵਿਚਲੀ ਭਾਰਤੀ ਅੰਬੈਸੀ ਰਾਹੀਂ ਉਥੋਂ ਦੀ ਨਵੀਂ ਸਰਕਾਰ ਨਾਲ ਇਸ ਮਸਲੇ ਬਾਰੇ ਗੱਲਬਾਤ ਕਰਨ ਨਾਲ ਹਜ਼ਾਰਾਂ ਭਾਰਤੀਆ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਅੰਬੈਸੀ ਦੇ ਅਧਿਕਾਰੀ ਵੀ ਉਥੋਂ ਦੀ ਸਰਕਾਰ ਨਾਲ ਗੱਲ ਕਰਨ ਤਾਂ ਵੀ ਸੁਣਵਾਈ ਹੋ ਸਕਦੀ ਹੈ।

ਐੱਨਆਰਆਈਜ਼ ਵਿਭਾਗ ਨਾਲ ਮਿਲ ਕੇ ਕੇਂਦਰ ਕੋਲ ਚੁੱਕਾਂਗੇ ਮੁੱਦਾ

ਐੱਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ’ਚ ਇਹ ਮਾਮਲਾ ਆ ਗਿਆ ਹੈ। ਉਹ ਚੰਡੀਗੜ੍ਹ ’ਚ ਹਨ ਅਤੇ ਐੱਨਆਰਆਈਜ਼ ਵਿਭਾਗ ਤੇ ਮੰਤਰੀ ਨਾਲ ਮੁਲਾਕਾਤ ਕਰਕੇ ਪੁਰਤਗਾਲ ’ਚ ਦੇਸ਼-ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀਆ ਬਾਰੇ ਵਿਚਾਰ ਕਰਕੇ ਭਾਰਤੀ ਵਿਦੇਸ਼ ਮੰਤਰਾਲੇ ਕੋਲ ਮੁੱਦਾ ਚੁੱਕਣਗੇ। ਪਰਵਿੰਦਰ ਕੌਰ ਬੰਗਾ ਨੇ ਕਿਹਾ ਕਿ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਿਦੇਸ਼ੀਆ ਨੂੰ ਆਪਣੇ ਦੇਸ਼ ’ਚੋਂ ਧੱਕੇ ਨਾਲ ਕੱਢਿਆ ਹੈ, ਉਦੋਂ ਤੋਂ ਹੀ ਵਿਸ਼ਵ ਦੇ ਹੋਰ ਦੇਸ਼ਾਂ ’ਚ ਵੀ ਇਹ ਰੁਝਾਨ ਪੈਦਾ ਹੁੰਦਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਖ਼ਤਰਨਾਕ ਹੈ।

Related Articles

Leave a Reply

Your email address will not be published. Required fields are marked *

Back to top button