
ਭੋਗਪੁਰ, 18 ਅਗਸਤ : ਛੇ ਮਹੀਨੇ ਦੀ ਮਾਸੂਮ ਅਲੀਜਾ ਨੂੰ ਉਸ ਦੀ ਮਾਂ ਆਪਣੇ ਪ੍ਰੇਮੀ ਲਈ ਉਸ ਦੇ ਨਾਨਾ-ਨਾਨੀ ਦੇ ਘਰ ਛੱਡ ਗਈ ਸੀ। ਉਸ ਦੀ ਮਾਂ ਦੇ ਜਾਣ ਤੋਂ ਬਾਅਦ, ਅਲੀਜਾ ਉਸ ਦੀ ਗੋਦ ’ਚ ਜਾਣ ਲਈ ਰੋਣ ਲੱਗ ਪੈਂਦੀ ਸੀ। ਉਸ ਦੇ ਨਾਨਾ-ਨਾਨੀ ਉਸ ਦਾ ਰੋਣਾ ਬਰਦਾਸ਼ਤ ਨਹੀਂ ਕਰ ਸਕਦੇ ਸਨ। ਪਹਿਲਾਂ, ਉਹ ਆਪਣੀ ਧੀ ਦੇ ਭੱਜ ਜਾਣ ਤੋਂ ਦੁਖੀ ਸਨ ਤੇ ਦੂਜਾ, ਗਰੀਬੀ ਕਾਰਨ, ਉਹ ਉਸਦੀ ਤੀਜੇ ਵਿਆਹ ਵਾਲੀ ਧੀ ਦੀ ਦੇਖਭਾਲ ਦਾ ਬੋਝ ਨਹੀਂ ਸਹਿ ਸਕਦੇ ਸਨ, ਇਸ ਲਈ ਉਨ੍ਹਾਂ ਛੇ ਮਹੀਨੇ ਦੀ ਅਲੀਜਾ ਤੋਂ ਜੀਣ ਦਾ ਹੱਕ ਖੋਹ ਲਿਆ। ਉਨ੍ਹਾਂ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਹ ਦਰਦਨਾਕ ਘਟਨਾ ਜਲੰਧਰ ਜ਼ਿਲ੍ਹੇ ਦੇ ਭੋਗਪੁਰ ’ਚ ਵਾਪਰੀ, ਜਿੱਥੇ ਛੇ ਮਹੀਨੇ ਦੀ ਮਾਸੂਮ ਬੱਚੀ ਅਲੀਜਾ ਨੂੰ ਉਸ ਦੇ ਨਾਨਾ-ਨਾਨੀ ਨੇ ਮਾਰ ਦਿੱਤਾ ਤੇ ਉਸ ਦੀ ਲਾਸ਼ ਟਾਂਡਾ ਨੇੜੇ ਸੁੱਟ ਦਿੱਤੀ। ਕਾਰਨ ਇਹ ਸੀ ਕਿ ਅਲੀਜਾ ਦੀ ਮਾਂ ਦੇ ਤਿੰਨ ਵਿਆਹ ਸਨ ਪਰ ਉਨ੍ਹਾਂ ’ਚੋਂ ਕੋਈ ਵੀ ਨਹੀਂ ਟਿਕਿਆ। ਤੀਜੇ ਵਿਆਹ ਤੋਂ ਬਾਅਦ ਉਸਦੀ ਇਕ ਛੇ ਮਹੀਨੇ ਦੀ ਧੀ ਸੀ, ਪਰ ਕੱਲ੍ਹ ਉਹ ਕਿਸੇ ਹੋਰ ਪ੍ਰੇਮੀ ਨਾਲ ਭੱਜ ਗਈ ਤੇ ਕੁੜੀ ਨੂੰ ਆਪਣੇ ਮਾਪਿਆਂ ਕੋਲ ਛੱਡ ਗਈ। ਬੱਚੀ ਰੋਂਦੀ ਰਹਿੰਦੀ ਸੀ ਜਿਸ ਨੂੰ ਉਸਦੇ ਨਾਨਾ-ਨਾਨੀ ਬਰਦਾਸ਼ਤ ਨਹੀਂ ਕਰ ਸਕੇ ਤੇ ਉਨ੍ਹਾਂ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਇਕ ਲਿਫਾਫੇ ’ਚ ਪਾ ਕੇ ਪੁਲ਼ ਹੇਠਾਂ ਸੁੱਟ ਦਿੱਤਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦੇ ਪਿਤਾ ਨੇ ਨਾਨਾ-ਨਾਨੀ ਤੋਂ ਇਲਾਵਾ ਲੜਕੀ ਦੀ ਮਾਂ ’ਤੇ ਵੀ ਸ਼ੱਕ ਪ੍ਰਗਟ ਕੀਤਾ ਹੈ। ਮ੍ਰਿਤਕ ਅਲੀਜਾ ਦੇ ਪਿਤਾ ਸੁਲਿੰਦਰ ਕੁਮਾਰ, ਜੋ ਕਿ ਜਗਤਪੁਰ (ਜ਼ਿਲ੍ਹਾ ਪਠਾਨਕੋਟ) ਦੇ ਰਹਿਣ ਵਾਲੇ ਹਨ, ਨੇ ਭੋਗਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਉਸ ਦਾ ਵਿਆਹ ਢਾਈ ਸਾਲ ਪਹਿਲਾਂ ਡੱਲਾ ਪਿੰਡ ਵਾਸੀ ਮਨਿੰਦਰ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੀ ਧੀ ਅਲੀਜਾ ਦਾ ਜਨਮ ਹੋਇਆ, ਜੋ ਕਿ ਸਿਰਫ਼ ਛੇ ਮਹੀਨੇ ਦੀ ਸੀ। ਲਗਭਗ 15 ਦਿਨ ਪਹਿਲਾਂ ਮਨਿੰਦਰ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੇ ਘਰ ਆਈ ਸੀ। ਸੁਲਿੰਦਰ ਖੁਦ ਆਪਣੀ ਪਤਨੀ ਤੇ ਧੀ ਨੂੰ ਉਸਦੇ ਸਹੁਰੇ ਘਰ ਛੱਡ ਗਿਆ ਸੀ। ਸੁਲਿੰਦਰ ਨੇ ਦੱਸਿਆ ਕਿ 7 ਅਗਸਤ ਦੀ ਸਵੇਰ ਨੂੰ ਉਹ ਆਪਣੀ ਡਿਊਟੀ ’ਤੇ ਚਲਾ ਗਿਆ। ਅਗਲੇ ਦਿਨ ਜਦੋਂ ਉਸ ਨੇ ਆਪਣੀ ਪਤਨੀ ਨਾਲ ਫੋਨ ’ਤੇ ਗੱਲ ਕੀਤੀ ਤਾਂ ਮਨਿੰਦਰ ਨੇ ਉਸ ਨੂੰ ਪਰਿਵਾਰ ਦਾ ਹਾਲ-ਚਾਲ ਦੱਸਿਆ ਪਰ ਅਲੀਜਾ ਬਾਰੇ ਕੁਝ ਨਹੀਂ ਕਿਹਾ। ਜਦੋਂ ਉਸ ਨੇ ਵਾਰ-ਵਾਰ ਪੁੱਛਿਆ ਤਾਂ ਉਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਉਸ ਨੂੰ ਸ਼ੱਕ ਸੀ ਕਿ ਉਸ ਦੀ ਮਾਸੂਮ ਧੀ ਨਾਲ ਕੁਝ ਗਲਤ ਹੋਇਆ ਹੈ। 13 ਅਗਸਤ ਨੂੰ ਸੁਲਿੰਦਰ ਨੇ ਆਪਣੀ ਪਤਨੀ ਮਨਿੰਦਰ ਕੌਰ ਤੇ ਉਸਦੀ ਮਾਂ ਦਲਜੀਤ ਕੌਰ ਖਿਲਾਫ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਨਿੰਦਰ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ, ਪਰ ਉਸ ਨੇ ਕੁਝ ਵੀ ਨਹੀਂ ਦੱਸਿਆ। ਬਾਅਦ ’ਚ ਜਦੋਂ ਪੁਲਿਸ ਨੇ ਦਲਜੀਤ ਕੌਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲ ਕੀਤਾ ਕਿ ਗਰੀਬੀ ਤੇ ਜ਼ਿੰਮੇਵਾਰੀਆਂ ਤੋਂ ਤੰਗ ਆ ਕੇ ਪਤੀ-ਪਤਨੀ ਨੇ ਆਪਣੀ ਦੋਤੀ ਅਲੀਜ਼ਾ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਟਾਂਡਾ ਹਾਈਵੇਅ ਨੇੜੇ ਇਕ ਦਰੱਖਤ ਹੇਠਾਂ ਸੁੱਟ ਦਿੱਤਾ। ਪੁਲਿਸ ਨੇ ਮੁਲਜ਼ਮ ਨਾਨਾ ਤਰਸੇਮ ਸਿੰਘ ਤੇ ਨਾਨੀ ਦਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮੌਕੇ ਤੋਂ ਬੱਚੀ ਦੀ ਲਾਸ਼ ਬਰਾਮਦ ਕੀਤੀ। ਫੋਰੈਂਸਿਕ ਟੀਮ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਕਾਫ਼ੀ ਹੱਦ ਤੱਕ ਸੜ ਚੁੱਕੀ ਸੀ। ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਇਸ ਪੂਰੀ ਘਟਨਾ ’ਚ ਮਾਂ ਮਨਿੰਦਰ ਕੌਰ ਨੇ ਕੀ ਭੂਮਿਕਾ ਨਿਭਾਈ, ਕਿਉਂਕਿ ਪਿਤਾ ਸੁਲਿੰਦਰ ਨੇ ਸਿੱਧੇ ਤੌਰ ’ਤੇ ਆਪਣੀ ਪਤਨੀ ’ਤੇ ਦੋਸ਼ ਲਗਾਇਆ ਹੈ। ਫਿਲਹਾਲ ਪੁਲਿਸ ਨੇ ਨਾਨੇ-ਨਾਨੀ ਨੂੰ ਜੇਲ੍ਹ ਭੇਜ ਦਿੱਤਾ ਹੈ ਤੇ ਮਾਂ ਦੀ ਸ਼ਮੂਲੀਅਤ ਦੀ ਜਾਂਚ ਜਾਰੀ ਹੈ।



