
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 17 ਅਗਸਤ : ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਆਪ ਦੇ ਐੱਸ.ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਸੂਬਾ ਪ੍ਰਧਾਨ ਲਗਾਇਆ ਗਿਆ ਹੈ। ਜੀਪੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਏ ਸਨ ਅਤੇ ਪਾਰਟੀ ਨੇ ਉਹਨਾਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਸੀਟ ਤੋਂ ਚੋਣ ਲੜਾਈ ਸੀ, ਪਰ ਉਹ ਕਾਂਗਰਸੀ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਜਾਣਕਾਰੀ ਅਨੁਸਾਰ, ਦੋਆਬਾ ਜ਼ੋਨ ਲਈ ਜਰਨੈਲ ਨੰਗਲ ਅਤੇ ਰੌਬਿਨ ਕੁਮਾਰ ਸਾਂਪਲਾ ਅਤੇ ਰਵਿੰਦਰ ਹੰਸ ਤੇ ਠੇਕੇਦਾਰ ਅਮਰਜੀਤ ਸਿੰਘ ਨੂੰ ਮਾਝਾ ਜ਼ੋਨ ਲਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਲਜਿੰਦਰ ਸਿੰਘ ਚੌਂਦਾ ਅਤੇ ਬਲੌਰ ਸਿੰਘ ਨੂੰ ਮਾਲਵਾ ਸੈਂਟਰਲ ਦਾ ਸਕੱਤਰ ਨਿਯੁਕਤ ਕੀਤਾ ਹੈ। ਸਾਬਕਾ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਨੂੰ ਮਾਲਵਾ ਪੂਰਬੀ ਦਾ ਸੈਕਟਰੀ, ਕਪਿਲ ਟਾਂਕ, ਗੁਰਜੰਟ ਸਿੰਘ ਸਿਵੀਆਂ ਅਤੇ ਹਰਚਰਨ ਸਿੰਘ ਥੇੜੀ ਨੂੰ ਮਾਲਵਾ ਪੱਛਮੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਵੱਲੋਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸਮੇਤ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ‘ਚ ਐਸ.ਸੀ. ਵਿੰਗ ਦੇ 28 ਜ਼ਿਲ੍ਹਾ ਇੰਚਾਰਜਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਰੂਰਲ ਤੇ ਅਰਬਨ ਖੇਤਰਾਂ ਲਈ ਵੱਖ-ਵੱਖ ਜ਼ਿਲ੍ਹਾ ਇੰਚਾਰਜ ਲਗਾਏ ਗਏ ਹਨ। ਲੁਧਿਆਣੇ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ।



