ਪੰਜਾਬ ’ਚ ਗੜਬੜ ਕਰਵਾਉਣ ਦੀ ਸਾਜ਼ਿਸ਼, BKI ਦੇ ਟਾਰਗੈਟ ’ਤੇ ਵੱਡੇ ਆਗੂ
ਪਿਛਲੇ 6 ਦਿਨਾਂ ’ਚ 7 ਅੱਤਵਾਦੀ ਗ੍ਰਿਫ਼ਤਾਰ

ਜਸਵਿੰਦਰ ਸਿੰਘ ਸੰਧੂ
ਜਾਂਚ ’ਚ ਪਤਾ ਲੱਗਾ ਹੈ ਕਿ ਪੰਜਾਬ ’ਚ ਗੜਬੜੀ ਕਰਵਾਉਣ ਦੀ ਸਾਜ਼ਿਸ਼ ਦਾ ਨੈੱਟਵਰਕ ਪਾਕਿਸਤਾਨ ਆਪਰੇਟ ਕਰ ਰਿਹਾ ਹੈ। ਪਾਕਿਸਤਾਨੀ ਤਸਕਰ ਸਿਕੰਦਰ ਨੂਰ ਤੇ ਕਾਕਾ, ਦੁਬਈ ਦਾ ਗੈਂਗਸਟਰ ਨਮਿਤ ਸ਼ਰਮਾ, ਅਮਰੀਕਾ ’ਚ ਬੈਠਾ ਹੁਸਨਦੀਪ ਸਿੰਘ ਤੇ ਪਾਕਿਸਤਾਨ ’ਚ ਬੈਠਾ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਇਸ ਪੂਰੇ ਨੈੱਟਵਰਕ ਨੂੰ ਚਲਾ ਰਹੇ ਹਨ। ਇਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ ਉਰਫ਼ ਬੱਬੂ, ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਵਰਗੇ ਅਪਰਾਧੀ ਵੀ ਸਰਗਰਮ ਹਨ।
ਜੁਲਾਈ-ਅਗਸਤ ’ਚ ਫੜੇ ਵੱਡੇ ਅੱਤਵਾਦੀ ਮਾਡਿਊਲ
2 ਜੁਲਾਈ : ਸਰਹੱਦ ਪਾਰ ਤੋਂ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਦਾ ਅੰਮਿ੍ਰਤਸਰ ’ਚ ਪਰਦਾਫਾਸ਼। ਅੱਠ ਪਿਸਤੌਲਾਂ, ਇਕ ਕਿੱਲੋ ਹੈਰੋਇਨ, 2.9 ਲੱਖ ਰੁਪਏ ਸਮੇਤ ਤਿੰਨ ਬਦਮਾਸ਼ ਫੜੇ।
4 ਜੁਲਾਈ : ਅੰਤਰਰਾਸ਼ਟਰੀ ਨਾਰਕੋ ਆਰਮਜ਼ ਨੈੱਟਵਰਕ ਦਾ ਖੁਲਾਸਾ। ਅੰਮਿ੍ਰਤਸਰ ਤੋਂ 1.15 ਕਿੱਲੋ ਹੈਰੋਇਨ, ਪੰਜ ਆਧੁਨਿਕ ਹਥਿਆਰ, 9.7 ਲੱਖ ਡਰੱਗ ਮਨੀ ਸਮੇਤ ਨੌ ਕਾਬੂ।
5 ਜੁਲਾਈ : ਨਸ਼ਾ ਤਸਕਰੀ ਨੈੱਟਵਰਕ ਅੰਮਿ੍ਰਤਸਰ ’ਚ ਫੜਿਆ। ਪੰਜ ਕਿੱਲੋ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ।
9 ਜੁਲਾਈ : ਗੁਰਦਾਸਪੁਰ ਤੋਂ ਬੀਕੇਆਈ ਦੀ ਸਾਜ਼ਿਸ਼ ਨਾਕਾਮ। ਦੋ ਏਕੇ 47 ਰਾਈਫਲਾਂ, ਦੋ ਗ੍ਰਨੇਡ ਬਰਾਮਦ।
15 ਜੁਲਾਈ : ਜੱਗੂ ਭਗਵਾਨਪੁਰੀਆ ਗਿਰੋਹ ਦੇ ਪੰਜ ਬਦਮਾਸ਼ ਦੋ ਪਿਸਤੌਲਾਂ ਨਾਲ ਫੜੇ।
17 ਜੁਲਾਈ : ਅੰਮਿ੍ਰਤਸਰ ਤੋਂ ਸਰਹੱਦ ਪਾਰ ਤੋਂ ਆਏ 10 ਪਿਸਤੌਲਾਂ ਨਾਲ ਇਕ ਕਾਬੂ।
20 ਜੁਲਾਈ : ਪਟਿਆਲਾ ’ਚ ਬੀਕੇਆਈ ਮਾਡਿਊਲ ਫੜਿਆ। ਤਿੰਨ ਗ੍ਰਿਫ਼ਤਾਰ। ਦੋ ਹੈਂਡ ਗ੍ਰੇਨੇਡ, ਦੋ ਪਿਸਤੌਲਾਂ ਬਰਾਮਦ।
29 ਜੁਲਾਈ : ਅੰਮਿ੍ਰਤਸਰ ’ਚ ਪਾਕਿਸਤਾਨੀ ਤਸਕਰ ਦਾ ਗੁਰਗਾ ਪੰਜ ਪਿਸਤੌਲਾਂ ਨਾਲ ਫੜਿਆ।
1 ਅਗਸਤ : ਸਰਹੱਦ ਪਾਰ ਤੋਂ ਆਏ ਸੱਤ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ।
7 ਅਗਸਤ : ਅੰਮ੍ਰਿਤਸਰ ’ਚ ਸੱਤ ਪਿਸਤੌਲਾਂ ਸਮੇਤ ਚਾਰ ਗ੍ਰਿਫ਼ਤਾਰ।
7 ਅਗਸਤ : ਬੀਕੇਆਈ ਦੀ ਸਾਜ਼ਿਸ਼ ਨਾਕਾਮ। ਤਰਨਤਾਰਨ ਤੋਂ ਆਈਈਡੀ ਬਰਾਮਦ।
12 ਅਗਸਤ : ਰਾਜਸਥਾਨ ਤੋਂ ਬੀਕੇਆਈ ਦੇ ਪੰਜ ਅੱਤਵਾਦੀ ਗ੍ਰਿਫ਼ਤਾਰ।
14 ਅਗਸਤ : ਬੀਕੇਆਈ ਨਾਲ ਸਬੰਧਤ ਦੋ ਨੌਜਵਾਨ ਦੋ ਗ੍ਰੇਨੇਡਾਂ ਤੇ ਪਿਸਤੌਲਾਂ ਨਾਲ ਕਾਬੂ।



