Punjab

ਤਲਾਬ ‘ਚ ਡੁੱਬਣ ਕਾਰਨ 5 ਸਾਲਾ ਬੱਚੇ ਦੀ ਮੌਤ

ਤਲਾਬ ਨੇੜੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਵਾਪਰਿਆ ਹਾਦਸਾ

ਡੇਰਾਬੱਸੀ, 17 ਅਗਸਤ : ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਪਿੰਡ ਮੁਬਾਰਕਪੁਰ ਦੇ ਵਾਰਡ ਨੰ. 2 ਵਿਚ ਦੁਖਦਾਈ ਘਟਨਾ ਵਾਪਰੀ ਹੈ। ਪਿੰਡ ਵਿਚ ਸਥਿਤ ਤਲਾਬ ਵਿਚ ਪਿੰਡ ਦਾ ਇਕ ਪਰਵਾਸੀ ਪੰਜ ਸਾਲਾਂ ਬੱਚਾ ਖੇਡਦੇ ਸਮੇਂ ਤਲਾਬ ਨੇੜੇ ਪਹੁੰਚ ਗਿਆ ਅਤੇ ਪਾਣੀ ਵਿਚ ਡੁੱਬ ਗਿਆ। ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। ਉਸ ਦੀ ਮੌਤ ਦੀ ਖ਼ਬਰ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਬੱਚੇ ਦੀ ਪਛਾਣ ਅਧੀਰਾਜ ਪੁੱਤਰ ਅਖਿਲੇਸ਼ ਵਾਸੀ ਮੁਜ਼ਫ਼ਰਪੁਰ ਬਿਹਾਰ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਬੱਚੇ ਦੇ ਪਿਤਾ ਮੁਬਾਰਕਪੁਰ ਵਾਰਡ ‘ਚ ਇਕ ਕਿਰਾਏ ਦੇ ਮਕਾਨ ‘ਚ ਰਹਿ ਰਹੇ ਹਨ। ਉਹ ਬੀਤੇ ਕੱਲ੍ਹ ਸਥਾਨਕ ਬੱਚਿਆਂ ਨਾਲ ਤਲਾਬ ਕਿਨਾਰੇ ਲੱਗੇ ਝੂਲਿਆਂ ’ਤੇ ਖੇਡਣ ਗਿਆ ਸੀ ਪਰ ਅਚਾਨਕ 11 ਵਜੇ ਦੇ ਕਰੀਬ ਉਹ ਝੂਲਿਆਂ ਦੇ ਨੇੜੇ ਸਥਿਤ ਤਲਾਬ ਵਿਚ ਡੁੱਬ ਗਿਆ। ਜਿਸ ਨੂੰ ਸਥਾਨਕ ਲੋਕਾਂ ਨੇ ਕਾਫ਼ੀ ਦੇਰ ਬਾਅਦ ਬਾਹਰ ਕੱਢਿਆ ਅਤੇ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਇਸ ਘਟਨਾ ਬਾਰੇ ਕੌਂਸਲਰ ਬੰਟੀ ਰਾਣਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਤਲਾਬ ਨੇੜੇ ਕੋਈ ਵੀ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ, ਨਾ ਹੀ ਤਲਾਬ ਦੇ ਚਾਰੇ ਪਾਸੇ ਫੈਸਿੰਗ ਲਗਾਈ ਗਈ ਹੈ ਅਤੇ ਨਾ ਹੀ ਕੋਈ ਸੁਰੱਖਿਆ ਚੇਤਾਵਨੀ ਬੋਰਡ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਲਾਬ ਦੇ ਨੇੜੇ ਝੂਲੇ ਲਗਾਉਣ ਕਾਰਨ ਬੱਚਿਆਂ ਅਤੇ ਲੋਕਾਂ ਦਾ ਆਉਣਾ–ਜਾਣਾ ਲਗਾਤਾਰ ਰਹਿੰਦਾ ਹੈ, ਜਿਸ ਕਰਕੇ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਕਿਹਾ ਸੀ ਕਿ ਤਲਾਬ ਨੇੜੇ ਝੂਲੇ ਨਾ ਲਗਾਏ ਜਾਣ, ਨਹੀਂ ਤਾਂ ਕੋਈ ਨਾ ਕੋਈ ਦੁਰਘਟਨਾ ਵਾਪਰ ਸਕਦੀ ਹੈ। ਇਸੇ ਕਾਰਨ ਇਕ ਪੰਜ ਸਾਲਾਂ ਪਰਵਾਸੀ ਬੱਚੇ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਗਰ ਕੌਂਸਲ ਵੱਲੋਂ ਤੁਰੰਤ ਤਲਾਬ ਨੇੜੇ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ, ਤਾਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਲੋਕਾਂ ਦੀ ਮੰਗ ਹੈ ਕਿ ਤਲਾਬ ਨੇੜੇ ਪੱਕੀ ਫੈਸਿੰਗ ਲਗਾਈ ਜਾਵੇ ਅਤੇ ਚੇਤਾਵਨੀ ਬੋਰਡ ਲਗਾਏ ਜਾਣ ਅਤੇ ਬੱਚਿਆਂ ਦੀ ਸੁਰੱਖਿਆ ਲਈ ਲਾਜ਼ਮੀ ਕਦਮ ਚੁੱਕੇ ਜਾਣ। ਇਸ ਹਾਦਸੇ ਨੇ ਨਗਰ ਕੌਂਸਲ ਦੀ ਲਾਪਰਵਾਹੀ ਨੂੰ ਬੇਨਕਾਬ ਕਰ ਦਿੱਤਾ ਹੈ। ਬੱਚੇ ਦੀ ਮੌਤ ਨਾਲ ਪਰਿਵਾਰ ਤੇ ਪਿੰਡ ਵਿਚ ਗਮ ਦਾ ਮਾਹੌਲ ਹੈ ਅਤੇ ਹਰ ਕੋਈ ਸਥਾਨਕ ਪ੍ਰਸ਼ਾਸਨ ਨੂੰ ਇਸ ਲਈ ਜ਼ਿੰਮੇਵਾਰ ਮੰਨ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button