
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 15 ਅਗਸਤ : ਚੰਡੀਗੜ੍ਹ ਦੀ ਲਾਈਫਲਾਈਨ ਸੁਖਨਾ ਝੀਲ ਇਸ ਸਮੇਂ ਮੀਂਹ ਦੇ ਪਾਣੀ ਨਾਲ ਭਰ ਗਈ ਹੈ। ਅਗਸਤ ਮਹੀਨੇ ’ਚ ਤਿੰਨ ਵਾਰ ਫਲੱਡ ਗੇਟ ਖੋਲ੍ਹਣ ਦੇ ਬਾਵਜੂਦ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਫਿਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਰਿਹਾ ਹੈ। ਤੇਜ਼ ਤੇ ਹੌਲੀ-ਹੌਲੀ ਮੀਂਹ ’ਚ ਝੀਲ ਦਾ ਪਾਣੀ 1162.5 ਫੁੱਟ ਦੇ ਆਲੇ-ਦੁਆਲੇ ਪਹੁੰਚ ਰਿਹਾ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਮੰਨਿਆ ਜਾਂਦਾ ਹੈ। 1163 ਫੁੱਟ ਦਾ ਅੰਕ ਛੂਹਣ ਤੋਂ ਪਹਿਲਾਂ ਫਲੱਡ ਗੇਟ ਖੋਲ੍ਹਣਾ ਲਾਜ਼ਮੀ ਹੋ ਜਾਂਦਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ’ਚ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਦਾ ਇਹ ਪਾਣੀ ਸੁਖਨਾ ਕੈਚਮੈਂਟ ਖੇਤਰ ਰਾਹੀਂ ਸੁਖਨਾ ਝੀਲ ’ਚ ਪਹੁੰਚ ਰਿਹਾ ਹੈ। ਝੀਲ ’ਚ ਆ ਰਹੇ ਇਸ ਪਾਣੀ ਨੂੰ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਦੀ ਟੀਮ ਚੌਕਸ ਹੈ। ਇਸ ਦੇ ਨਾਲ ਹੀ ਪੰਚਕੂਲਾ ਤੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਚੌਕਸ ਰਹਿਣ ਲਈ ਸੰਕੇਤ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੁਖਨਾ ਚੌ ਦੇ ਆਲੇ-ਦੁਆਲੇ ਦੇ ਆਬਾਦੀ ਖੇਤਰ ’ਚ ਵੀ ਚੌਕਸੀ ਜਾਰੀ ਕੀਤੀ ਗਈ ਹੈ। ਸੁਖਨਾ ਝੀਲ ਦੇ ਫਲੱਡ ਗੇਟ ਕਿਸੇ ਵੀ ਸਮੇਂ ਖੁੱਲ੍ਹ ਸਕਦੇ ਹਨ, ਜਿਸ ਕਰ ਕੇ ਇਹ ਚੌਕਸੀ ਜਾਰੀ ਕੀਤੀ ਗਈ ਹੈ।ਝੀਲ ਦੇ ਪਾਣੀ ਦੇ ਪੱਧਰ ‘ਤੇ ਸੀਸੀਟੀਵੀ ਰਾਹੀਂ ਸੀਨੀਅਰ ਅਧਿਕਾਰੀ ਵੀ ਨਜ਼ਰ ਰੱਖ ਰਹੇ ਹਨ। ਇਸ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਜਦੋਂ ਫਲੱਡ ਗੇਟ ਖੁੱਲ੍ਹਦੇ ਹਨ ਤਾਂ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਤੋਂ ਬਚਣ ਲਈ ਸਾਰੇ ਚੌਕਸ ਹਨ। ਫਲੱਡ ਗੇਟ ਇਕਦਮ ਪੀਕ ਪੁਆਇੰਟ ‘ਤੇ ਪਹੁੰਚਣ ਤੋਂ ਪਹਿਲਾਂ ਹੀ ਖੋਲ੍ਹੇ ਜਾਣਗੇ। ਇਹ ਇਸ ਲਈ ਹੈ ਕਿ ਜੇਕਰ ਬਿਲਕੁਲ ਆਖਰੀ ਹੱਦ ‘ਤੇ ਪਹੁੰਚਣ ਤੋਂ ਬਾਅਦ ਫਲੱਡ ਗੇਟ ਖੁੱਲ੍ਹਦੇ ਹਨ, ਤਾਂ ਪਾਣੀ ਵੱਡੇ ਪੱਧਰ ‘ਤੇ ਛੱਡਣਾ ਪੈ ਸਕਦਾ ਹੈ। ਇਸ ਨਾਲ ਬਾਪੂਧਾਮ, ਇੰਡਸਟਰੀਅਲ ਖੇਤਰ ਤੇ ਬਲਟਾਨਾ ਪੁਲ ਨਾਲ ਪਾਣੀ ਟਕਰਾਉਣ ਲੱਗਦਾ ਹੈ। ਪਹਿਲਾਂ ਇਸ ਨਾਲ ਪੁਲ ਉੱਪਰ ਲੱਗੀ ਰੇਲਿੰਗ ਤੇ ਪਾਣੀ ਦੀ ਪਾਈਪਲਾਈਨ ਤੱਕ ਟੁੱਟ ਗਈ ਸੀ। ਇਸ ਦੇ ਨਾਲ ਹੀ ਬਲਟਾਨਾ ਪੁਲਿਸ ਚੌਕੀ ਤੱਕ ਬਾਅਦ ਦੇ ਪਾਣੀ ’ਚ ਡੁੱਬ ਗਈ ਸੀ। ਹੁਣ ਸਾਵਧਾਨੀ ਦੇ ਤੌਰ ‘ਤੇ ਪਾਣੀ ਫਲੱਡ ਗੇਟ ਨੂੰ ਥੋੜ੍ਹਾ-ਥੋੜ੍ਹਾ ਖੋਲ੍ਹ ਕੇ ਛੱਡਿਆ ਜਾ ਰਿਹਾ ਹੈ। ਇਸ ਲਈ ਹੀ ਅਜੇ ਤੱਕ ਅਗਸਤ ’ਚ ਤਿੰਨ ਵਾਰ ਫਲੱਡ ਗੇਟ ਖੋਲ੍ਹ ਚੁੱਕੇ ਹਨ। ਹਾਲਾਂਕਿ ਸੁਖਨਾ ਝੀਲ ਲਈ ਵੱਧ ਮੀਂਹ ਹੋਣਾ ਲਾਭਕਾਰੀ ਰਹਿੰਦਾ ਹੈ। ਕਈ ਸਾਲ ਪਹਿਲਾਂ 2016 ’ਚ ਸੁਖਨਾ ਝੀਲ ਦਾ ਵੱਡਾ ਹਿੱਸਾ ਬੁਰੇ ਤਰੀਕੇ ਨਾਲ ਸੁੱਕ ਗਿਆ ਸੀ। ਵਿਚਕਾਰ ਤਰੇੜਾ ਪੈ ਗਈਆਂ ਸਨ। ਨੌਬਤ ਇਹ ਆ ਗਈ ਸੀ ਕਿ ਟਿਊਬਵੈਲਾਂ ਰਾਹੀਂ ਪਾਣੀ ਝੀਲ ’ਚ ਪਾਉਣਾ ਪਿਆ। ਹਾਲਾਂਕਿ ਇੰਨੀ ਵੱਡੀ ਝੀਲ ’ਚ ਕਈ ਟਿਊਬਵੈਲ ਚਲਾਉਣ ਨਾਲ ਵੀ ਕੁਝ ਫਰਕ ਨਹੀਂ ਪਿਆ।



