
ਲੁਧਿਆਣਾ, 14 ਅਗਸਤ : ਵਿਆਹੁਤਾ ਨੇ ਬੇਟੀ ਨੂੰ ਜਨਮ ਦਿੱਤਾ ਤਾਂ ਨਰਾਜ ਪਤੀ ਤੇ ਸੱਸ ਨੇ ਉਸ ਨਾਲ ਰੰਜਿਸ਼ ਰੱਖ ਕੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਹੈਬੋਹਲ ਪੁਲਿਸ ਨੇ ਇਸ ਮਾਮਲੇ ਵਿੱਚ ਨਿਊਦੀਪ ਨਗਰ ਚੂੜਪੁਰ ਰੋਡ ਤੇ ਰਹਿਣ ਵਾਲੀ ਸੋਨੀਆ ਰਾਣੀ ਦੇ ਬਿਆਨ ਉੱਪਰ ਉਸ ਦੇ ਪਤੀ ਕਰਨ ਮਹਾਜਨ ਅਤੇ ਸੱਸ ਸੁਦੇਸ਼ ਕੁਮਾਰੀ ਵਾਸੀ ਦੁਰਗਾਪੁਰੀ ਖਿਲਾਫ ਵੱਖ ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ। ਸੋਨੀਆ ਰਾਣੀ ਮੁਤਾਬਕ ਉਸ ਦ ਵਿਆਹ ਕਰੀਬ ਡੇਢ ਸਾਲ ਪਹਿਲਾਂ ਦੁਰਗਾਪੁਰੀ ਹੈਬੋਵਾਲ ਕਲਾ ਦੇ ਰਹਿਣ ਵਾਲੇ ਕਰਨ ਮਹਾਜਨ ਨਾਲ ਹੋਇਆ ਸੀ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸ ਦਾ ਪਤੀ ਅਤੇ ਸੱਸ ਉਸ ਨਾਲ ਮਾੜਾ ਵਰਤਾਅ ਕਰਨ ਲੱਗ ਗਏ। ਇਸ ਦੌਰਾਨ ਉਹ ਗਰਭਵਤੀ ਹੋਈ ਤੇ ਇੱਕ ਬੇਟੀ ਨੂੰ ਜਨਮ ਦਿੱਤਾ। ਪੀੜਤਾ ਮੁਤਾਬਕ ਬੇਟੀ ਦੇ ਜਨਮ ਮਗਰੋਂ ਉਸ ਦਾ ਪਤੀ ਅਤੇ ਸੱਸ ਉਸ ਨਾਲ ਪੁੱਤਰ ਨਾ ਜੰਮਣ ਦੇ ਤਾਹਨੇ ਮਿਹਣੇ ਮਾਰਦਾ ਕੁੱਟ ਮਾਰ ਕਰਨ ਲੱਗ ਗਏ। ਦੋ ਅਗਸਤ ਨੂੰ ਵੀ ਉਹ ਆਪਣੀ ਬੇਟੀ ਨੂੰ ਲੈ ਕੇ ਸਹੁਰੇ ਘਰ ਵੱਲ ਜਾ ਰਹੀ ਸੀ, ਤਾਂ ਰਸਤੇ ਵਿੱਚ ਉਸ ਨੂੰ ਉਸ ਦੀ ਸੱਸ ਸੁਦੇਸ਼ ਕੁਮਾਰੀ ਮਿਲ ਗਈ। ਜਿਸ ਨੇ ਸ਼ਰੇਆਮ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹ ਆਪਣਾ ਰਿਸ਼ਤਾ ਬਚਾਉਣ ਲਈ ਫਿਰ ਵੀ ਚੁੱਪ ਚਾਪ ਰਹੀ, ਪਰ ਕੁੱਝ ਦਿਨ ਬਾਅਦ ਹੀ ਉਸ ਦੀ ਸੱਸ ਅਤੇ ਪਤੀ ਕਰਨ ਮਹਾਜਨ ਨੇ ਉਸ ਨਾਲ ਦੁਬਾਰਾ ਕੁੱਟਮਾਰ ਕੀਤੀ, ਤਾਂ ਉਹਨੇ ਆਪਣੇ ਨਾਲ ਹੋਈ ਤਸ਼ਦਤ ਬਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।



