
ਅੰਮ੍ਰਿਤਸਰ, 14 ਅਗਸਤ : ਨਵਾਂ ਸ਼ਹਿਰ ਪੁਲਿਸ ਨੇ ਛੇਹਰਟਾ ਦੇ ਹਰਪਾਲ ਸਿੰਘ ਭੰਗੂ ਨਾਮਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ। ਦੱਸਣਯੋਗ ਹੈ ਕਿ ਹਰਪਾਲ ਸਿੰਘ ਭੰਗੂ ਵਿਰੁੱਧ ਛੇਹਰਟਾ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ ਅਤੇ ਕਈ ਮਾਮਲਿਆਂ ਵਿਚ ਉਸ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪਿੰਡ ਧਗੜਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵਦੀਪ ਸਿੰਘ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਹ ਹਰਪਾਲ ਸਿੰਘ ਭੰਗੂ ਨੂੰ ਉਸ ਦੇ ਜਾਬ ਪਲੇਸਮੈਂਟ ਦਫ਼ਤਰ ਵਿਚ ਮਿਲਿਆ ਸੀ, ਜਿਸ ਦੌਰਾਨ ਉਸ ਨੇ ਉਸ ਨੂੰ ਨੌਕਰੀ ਦਿਵਾਉਣ ਦੇ ਨਾਂ ’ਤੇ ਆਪਣੇ ਖਾਤੇ ਵਿਚ ਕੁਝ ਪੈਸੇ ਜਮ੍ਹਾਂ ਕਰਵਾਏ, ਜਿਸ ਤੋਂ ਬਾਅਦ ਹਰਪਾਲ ਭੰਗੂ ਨੇ ਉਸ ਨੂੰ ਨੌਕਰੀ ਦਿਵਾਉਣ ਦੀ ਬਜਾਏ ਵਿਦੇਸ਼ ਭੇਜਣ ਦਾ ਲਾਲਚ ਦਿੱਤਾ ਅਤੇ ਦਸ ਲੱਖ ਰੁਪਏ ਦਾ ਪੈਕੇਜ ਤੈਅ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰਪਾਲ ਸਿੰਘ ਭੰਗੂ ਦੇ ਜਾਲ ਵਿਚ ਫਸ ਗਿਆ ਅਤੇ 28 ਜੁਲਾਈ 2022 ਨੂੰ ਉਸ ਦੇ ਖਾਤੇ ਵਿਚ ਪੰਜਾਹ ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਲਗਭਗ ਦਸ ਦਿਨਾਂ ਬਾਅਦ ਹਰਪਾਲ ਸਿੰਘ ਭੰਗੂ ਨੇ ਫਿਰ ਢਾਈ ਲੱਖ ਰੁਪਏ ਖਾਤੇ ਵਿਚ ਟਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਹਰਪਾਲ ਨੇ ਉਸ ਨੂੰ ਵਿਦੇਸ਼ ਭੇਜਣ ਲਈ ਉਸ ਦਾ ਮੈਡੀਕਲ ਕਰਵਾਉਣ ਲਈ 7200 ਰੁਪਏ ਵੀ ਲਏ, ਪਰ ਕੋਈ ਮੈਡੀਕਲ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਜਦੋਂ ਵੀ ਉਸ ਨੇ ਹਰਪਾਲ ਸਿੰਘ ਭੰਗੂ ਨੂੰ ਵਿਦੇਸ਼ ਭੇਜਣ ਬਾਰੇ ਪੁੱਛਿਆ, ਉਹ ਟਾਲ-ਮਟੋਲ ਕਰਨ ਲੱਗ ਪਿਆ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਆਪਣੀ ਸੁਸਾਇਟੀ ਦੀ ਆੜ ਵਿਚ ਧਮਕੀਆਂ ਦੇਣ ਲੱਗ ਪਿਆ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ 9 ਮਈ 2023 ਨੂੰ ਉਕਤ ਮੁਲਜ਼ਮ ਹਰਪਾਲ ਸਿੰਘ ਭੰਗੂ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਦੋ ਸਾਲ ਬਾਅਦ ਗ੍ਰਿਫ਼ਤਾਰੀ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਪਾਲ ਸਿੰਘ ਭੰਗੂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹਰਪਾਲ ਸਿੰਘ ਭੰਗੂ ਵਿਰੁੱਧ ਅੰਮ੍ਰਿਤਸਰ, ਛੇਹਰਟਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਚ ਪਹਿਲਾਂ ਹੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਉਸ ਵਿਰੁੱਧ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹਰਪਾਲ ਸਿੰਘ ਭੰਗੂ ਹੁਣ ਤਕ ਆਪਣੀ ਸੁਸਾਇਟੀ ਰਾਹੀਂ ਕਈ ਲੋਕਾਂ ਨਾਲ ਧੋਖਾਧੜੀ ਕਰ ਚੁੱਕਾ ਹੈ। ਭੰਗੂ ਵਿਰੁੱਧ ਭਿੰਡੀ ਸੈਦਾ ਥਾਣੇ ਵਿਚ ਸਭ ਤੋਂ ਵੱਡੀ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 2024 ਵਿਚ ਡੇਰਾ ਬਾਬਾ ਨਾਨਕ ਥਾਣੇ ਵਿਚ ਵੀ ਇਕ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਉਸ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।



