
ਬਾਲ ਕਿਸ਼ਨ
ਫ਼ਿਰੋਜ਼ਪੁਰ, 13 ਅਗਸਤ : ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀਮਤੀ ਮਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਨੂੰ ਸਮਰਪਿਤ ਅਤੇ ‘ਹਰ ਘਰ ਤਿਰੰਗਾ’ ਮੁਹਿੰਮ ਦੇ ਪ੍ਰਚਾਰ ਹੇਠ, ਸਰਕਾਰੀ ਹਾਈ ਸਕੂਲ ਅਹਿਮਦ ਢੰਡੀ ਵਿੱਚ ਅੱਜ ਵਿਸ਼ੇਸ਼ ਪ੍ਰਸ਼ਨੋਤਰੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਸੱਭਿਆਚਾਰ ਮੰਤਰਾਲਾ ਅਤੇ ਮਾਈ ਗੌਰਮਿੰਟ ਇੰਡੀਆ ਵੱਲੋਂ ਸ਼ੁਰੂ ਕੀਤੀ “ਹਰ ਘਰ ਤਿਰੰਗਾ ਕਵਿਜ਼ 2025”ਮੁਹਿੰਮ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਭਾਰਤੀ ਰਾਸ਼ਟਰੀ ਝੰਡੇ ਬਾਰੇ ਜਾਗਰੂਕਤਾ ਫੈਲਾਉਣਾ ਹੈ। ਮੈਥ ਮਿਸਟ੍ਰਰੈਸ ਮੈਡਮ ਪਰਮਜੀਤ ਕੌਰ ਦੁਆਰਾ ਆਯੋਜਿਤ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਤਿਰੰਗੇ ਦੇ ਇਤਿਹਾਸ, ਉਸਦੀ ਮਹੱਤਤਾ ਅਤੇ ਆਜ਼ਾਦੀ ਅੰਦੋਲਨ ਵਿਚ ਉਸ ਦੇ ਯੋਗਦਾਨ ਬਾਰੇ ਆਪਣੇ ਗਿਆਨ ਦਾ ਪ੍ਰਦਰਸ਼ਨ ਕੀਤਾ। ਆਸਥਾ ਕੰਬੋਜ ਬਲਵਿੰਦਰ ਸਿੰਘ ਮੈਥ ਮਾਸਟਰ ਗੁਰਮੇਜ ਸਿੰਘ ਅਤੇ ਹੋਰਨਾਂ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਪ੍ਰਤੀ ਸਨਮਾਨ ਅਤੇ ਦੇਸ਼ ਭਗਤੀ ਦੇ ਮੁੱਲਾਂ ਬਾਰੇ ਪ੍ਰੇਰਿਤ ਕੀਤਾ। ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਹੈੱਡ ਮਾਸਟਰ ਜਗਦੀਸ਼ ਸਿੰਘ ਅਤੇ ਵਾਈਸ ਹੈੱਡ ਮਿਸਟ੍ਰੈਸ ਮੈਡਮ ਸੁਖਵਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਦੇਸ਼ ਭਗਤੀ ਦੇ ਭਾਵ ਨੂੰ ਮਜ਼ਬੂਤ ਕਰਦੇ ਹਨ, ਸਗੋਂ ਵਿਦਿਆਰਥੀਆਂ ਨੂੰ ਆਪਣੇ ਰਾਸ਼ਟਰੀ ਪ੍ਰਤੀਕਾਂ ਨਾਲ ਗਹਿਰਾ ਜੋੜ ਬਣਾਉਣ ਦਾ ਮੌਕਾ ਵੀ ਦਿੰਦੇ ਹਨ। ਇਸ ਮੌਕੇ ਸਕੂਲ ਕੰਪਲੈਕਸ ਵਿੱਚ ਤਿਰੰਗਾ ਲਹਿਰਾਇਆ ਗਿਆ ਅਤੇ ਦੇਸ਼ ਭਗਤੀ ਦੇ ਗੀਤਾਂ ਨਾਲ ਵਾਤਾਵਰਣ ਗੂੰਜ ਉਠਿਆ। ਸਕੂਲ ਵੱਲੋਂ ਤਹਿਸੀਲ ਪੱਧਰੀ ਆਜ਼ਾਦੀ ਦਿਵਸ ਦੇ ਜਸ਼ਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵਚਨਬੱਧਤਾ ਦੁਹਰਾਈ।



