ਪੰਜਾਬ ਦੇ 9 ਫੋਕਲ ਪੁਆਇੰਟਾਂ ਲਈ ਸਰਕਾਰ ਵੱਲੋਂ 99.19 ਕਰੋੜ ਦੀ ਗ੍ਰਾਂਟ ਜਾਰੀ
ਜਲੰਧਰ ਫੋਕਲ ਪੁਆਇੰਟ ਨੂੰ ਮਿਲਣਗੇ 7.83 ਕਰੋੜ

ਜਲੰਧਰ, 21 ਸਤੰਬਰ : ਪੰਜਾਬ ਸਰਕਾਰ ਨੇ ਸੂਬੇ ਦੇ 9 ਫੋਕਲ ਪੁਆਇੰਟਾਂ ਲਈ 99.19 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਹੈ, ਜਿਨ੍ਹਾਂ ’ਚੋਂ ਜਲੰਧਰ ਫੋਕਲ ਪੁਆਇੰਟ ਦੇ 19 ਵਿਕਾਸ ਕੰਮਾਂ ਲਈ ਨਗਰ ਨਿਗਮ ਨੂੰ 7.83 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਸੂਤਰਾਂ ਅਨੁਸਾਰ ਜਿਹੜੇ ਬਾਕੀ 9 ਸ਼ਹਿਰਾਂ ਦੇ ਫੋਕਲ ਪੁਆਇੰਟਾਂ ਦੇ ਵਿਕਾਸ ਕੰਮਾਂ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ ਉਨ੍ਹਾਂ ’ਚ ਅੰਮ੍ਰਿਤਸਰ ਦੇ 13 ਕੰਮਾਂ ਲਈ 9.70 ਕਰੋੜ, ਬਠਿੰਡਾ ਦੇ 7 ਵਿਕਾਸ ਕੰਮਾਂ ਲਈ 5.23 ਕਰੋੜ, ਹੁਸ਼ਿਆਰਪੁਰ ਦੇ 7 ਵਿਕਾਸ ਕੰਮਾਂ ਲਈ 1.83 ਕਰੋੜ, ਖੰਨਾ ਦੇ 9 ਵਿਕਾਸ ਕੰਮਾਂ ਲਈ 3.96 ਕਰੋੜ, ਲੁਧਿਆਣਾ ਦੇ ਫੋਕਲ ਪੁਆਇੰਟ ਦੇ 29 ਵਿਕਾਸ ਕੰਮਾਂ ਲਈ 40.17 ਕਰੋੜ, ਪਟਿਆਲਾ ਦੇ 4 ਫੋਕਲ ਪੁਆਇੰਟਾਂ ਦੇ ਵਿਕਾਸ ਕੰਮਾਂ ਲਈ 6.92 ਕਰੋੜ, ਰਾਜਪੁਰਾ ਦੇ 6 ਫੋਕਲ ਪੁਆਇੰਟ ਦੇ ਵਿਕਾਸ ਕੰਮਾਂ ਲਈ 9.64 ਕਰੋੜ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 37 ਫੋਕਲ ਪੁਆਇੰਟਾਂ ਦੇ ਵਿਕਾਸ ਲਈ 13.91 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦੀ ਪੁਸ਼ਟੀ ਬੀਐਂਡਆਰ ਦੇ ਐੱਸਈ ਰਜਨੀਸ਼ ਡੋਕਰਾ ਨੇ ਕਰਦਿਆਂ ਕਿਹਾ ਹੈ ਕਿ ਫੋਕਲ ਪੁਆਇੰਟਾਂ ਦੇ ਵਿਕਾਸ ਕੰਮਾਂ ਲਈ ਗ੍ਰਾਂਟ ਆਈ ਹੈ ਤੇ ਉਨ੍ਹਾਂ ਦੇ ਵਿਕਾਸ ਕੰਮਾਂ ਲਈ ਬਾਕੀ ਰਹਿੰਦੇ ਟੈਂਡਰ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਅੰਮ੍ਰਿਤਸਰ, ਖੰਨਾ, ਲੁਧਿਆਣਾ, ਪਟਿਆਲਾ ਦੇ 31 ਮਾਰਚ 2026 ਤੱਕ ਕੰਮ ਪੂਰੇ ਕਰਨ ਨੂੰ ਯਕੀਨੀ ਬਣਉਣ ਦੀ ਹਦਾਇਤ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਫੋਕਲ ਪੁਆਇੰਟਾਂ ਦੇ ਵਿਕਾਸ ਲਈ ਜਿਹੜੀ ਗ੍ਰਾਂਟ ਜਾਰੀ ਕੀਤੀ ਗਈ ਹੈ, ਉਨ੍ਹਾਂ ’ਚੋਂ ਜਲੰਧਰ ਦੇ ਫੋਕਲ ਪੁਆਇੰਟ ਦੇ 19 ਕੰਮਾਂ ਨੂੰ 31 ਜਨਵਰੀ 2026 ਤੱਕ ਦੇ ਨਿਰਧਾਰਿਤ ਸਮੇਂ ’ਤੇ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਲੰਧਰ ਦੇ ਜਿਹੜੇ 19 ਕੰਮ ਕੀਤੇ ਜਾਣੇ ਹਨ, ਉਨ੍ਹਾਂ ’ਚੋਂ 17 ਕੰਮਾਂ ਦੇ ਟੈਂਡਰ ਮੰਗੇ ਜਾ ਚੁੰਕੇ ਹਨ, ਜਦੋਂਕਿ ਦੋ ਦੇ ਟੈਂਡਰ ਵੀ ਛੇਤੀ ਲਗਾਏ ਜਾਣਗੇ।
ਪਾਰਕ ਤੇ ਹੋਰ ਕੰਮ ਕੀਤੇ ਜਾਣਗੇ
ਪੰਜਾਬ ਸਰਕਾਰ ਵੱਲੋਂ ਫੋਕਲ ਪੁਆਇੰਟਾਂ ਦੇ ਕੰਮਾਂ ਨੂੰ ਵਿਕਸਿਤ ਕਰਨ ਲਈ ਜਿਹੜੇ ਸ਼ਹਿਰਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈ, ਉਸ ਨਾਲ ਪਾਰਕ, ਓਐਂਡਐਮ ਤੇ ਬੀਐਂਡਆਰ ਦੇ ਸਾਰੇ ਕੰਮ ਕਰਾਏ ਜਾਣਗੇ। ਇਸ ਤੋਂ ਇਲਾਵਾ ਫੋਕਲ ਪੁਆਇੰਟਾਂ ਦੀਆਂ ਬਣਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣਾ ਯਕੀਨੀ ਬਣਾਇਆ ਜਾਵੇਗਾ।



