
ਬਰਨਾਲਾ, 12 ਅਗਸਤ : ਪਾਵਰਕਾਮ ਤੇ ਟਰਾਂਸਕੋ ਮੁਲਾਜ਼ਮ ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਵੱਲੋਂ ਸਥਾਨਕ ਧਨੌਲਾ ਰੋਡ ਬਿਜਲੀ ਗਰਿੱਡ ਵਿਖੇ ਸਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਭਰਵੀਂ ਰੈਲੀ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਇੰਜ. ਗੁਰਲਾਭ ਸਿੰਘ ਮੌੜ, ਹਰਬੰਸ ਸਿੰਘ ਦਿਦਾਰਗੜ੍ਹ, ਹਾਕਮ ਸਿੰਘ ਨੂਰ, ਜਗਤਾਰ ਸਿੰਘ ਖੇੜੀ, ਕੁਲਵੀਰ ਸਿੰਘ ਔਲਖ਼, ਹਰਭੋਲ ਸਿੰਘ ਠੀਕਰੀਵਾਲਾ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਨਰਾਇਣ ਦੱਤ ਆਦਿ ਨੇ ਕਿਹਾ ਕਿ ਲੰਘੇ ਸਮੇਂ ਬਿਜਲੀ ਮੁਲਾਜ਼ਮ ਏਕਤਾ ਮੰਚ ਤੇ ਜੁਆਇੰਟ ਫ਼ੋਰਮ ਦੇ ਸਟੇਟ ਕਮੇਟੀ ਆਗੂਆਂ ਦੀਆਂ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨਾਲ ਮੰਗਾਂ ਸਬੰਧੀ ਹੋਈਆਂ ਵਾਰ ਵਾਰ ਮੀਟਿੰਗਾਂ ਮੌਕੇ ਮੰਨੀਆਂ ਮੰਗਾਂ ਨੂੰ ਲਾਗੂ ਕਰਨ ’ਚ ਟਾਲਮਟੋਲ ਦੇ ਚਲਦਿਆਂ ਮੁਲਾਜ਼ਮ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹਨ। ਆਗੂਆਂ ਨੇ ਕਿਹਾ ਕਿ ਅੱਜ ਤੋਂ ਮੁਲਾਜ਼ਮ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲੈਕੇ ਪ੍ਰਦਰਸ਼ਨ ਕਰਨਗੇ। ਜੇਕਰ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਐਸਮਾ ਐਕਟ ਤਹਿਤ ਕਾਰਵਾਈ ਦੀਆਂ ਸਰਕਾਰੀ/ਪ੍ਰਬੰਧਕੀ ਧਮਕੀਆਂ ਦੀ ਪ੍ਰਵਾਹ ਕੀਤੇ ਬਗੈਰ ਸੰਘਰਸ਼ ਲੰਮੇਰਾ ਵੀ ਕੀਤਾ ਜਾ ਸਕਦਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ, ਨਵੀਂ ਰੈਗੂਲਰ ਭਰਤੀ ਕੀਤੀ ਜਾਵੇ, ਨਿੱਜੀਕਰਨ ਨੀਤੀ ਰੱਦ ਕੀਤੀ ਜਾਵੇ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਸਮੇਤ ਮੰਨੀਆਂ ਮੰਗਾਂ ਫੌਰੀ ਲਾਗੂ ਕੀਤੀਆਂ ਜਾਣ ਆਦਿ। ਇਸ ਮੌਕੇ ਗੁਰਮੀਤ ਸਿੰਘ, ਰਾਜੇਸ਼ ਕੁਮਾਰ ਬੰਟੀ, ਜਸਪ੍ਰਤਾਪ ਸਿੰਘ, ਸੁਖਜੰਟ ਸਿੰਘ, ਸੁਖਦੇਵ ਸਿੰਘ ਝਲੂਰ, ਰਣਜੀਤ ਸਿੰਘ ਚੀਮਾ, ਕਮਲਜੀਤ ਸਿੰਘ ਝਲੂਰ, ਹਰਜੀਤ ਸਿੰਘ ਵਜੀਦਕੇ ਤੇ ਦਲਜੀਤ ਸਿੰਘ ਆਦਿ ਨੇ ਵੀ ਵਿਚਾਰ ਰੱਖੇ।



