Punjab

ਛੋਟੇ ਨੂੰ ਇਨਸਾਫ ਦਿਵਾਉਣ ਖ਼ਾਤਰ 70 ਫੁੱਟ ਉੱਚੇ ਬਿਜਲੀ ਦੇ ਖੰਭੇ ‘ਤੇ ਚੜ੍ਹਿਆ ਵੱਡਾ ਭਰਾ

ਮੋਗਾ, 11 ਅਗਸਤ : ਕੋਟਕਪੁਰਾ ਬਾਈਪਾਸ ’ਤੇ ਇਕ ਹੈਰਾਨੀਜਨਕ ਘਟਨਾ ਵਾਪਰੀ, ਜਦੋਂ ਇਕ ਨੌਜਵਾਨ ਆਪਣੇ ਛੋਟੇ ਭਰਾ ਨੂੰ ਇਨਸਾਫ ਦਿਵਾਉਣ ਲਈ 66 ਕੇਵੀ ਬਿਜਲੀ ਦੀਆਂ ਤਾਰਾਂ ਵਾਲੇ 70 ਫੁੱਟ ਉੱਚੇ ਖੰਭੇ ‘ਤੇ ਚੜ੍ਹ ਗਿਆ। ਇਹ ਨੌਜਵਾਨ ਸੁਖਵਿੰਦਰ ਸਿੰਘ ਨਾਂ ਦਾ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਬਾਈਪਾਸ ਨੇੜੇ ਇਕ ਘਰ ’ਚ ਚੋਰੀ ਹੋਈ ਸੀ। 5 ਅਗਸਤ ਨੂੰ ਪੁਲਿਸ ਨੇ ਇਸ ਮਾਮਲੇ ’ਚ ਜਾਂਚ ਲਈ ਸੁਖਵਿੰਦਰ ਦੇ ਛੋਟੇ ਭਰਾ ਬਬਲਜੀਤ ਸਿੰਘ ਨੂੰ ਹਿਰਾਸਤ ’ਚ ਲਿਆ ਸੀ। ਇਸ ਮੌਕੇ ਪਰਿਵਾਰ ਨੇ ਦਾਅਵਾ ਕੀਤਾ ਕਿ ਬਬਲਜੀਤ ਦਾ ਚੋਰੀ ਨਾਲ ਕੋਈ ਲੈਣਾ-ਦੇਣਾ ਨਹੀਂ, ਨਾ ਹੀ ਉਹ ਕਿਸੇ ਵੀ ਸੀਸੀਟੀਵੀ ’ਚ ਨਜ਼ਰ ਆਇਆ। ਉਲਟਾ ਪੁਲਿਸ ਨੇ ਬਿਨਾ ਕਿਸੇ ਸਬੂਤ ਦੇ ਬਬਲਜੀਤ ਨੂੰ ਨਾਜਾਇਜ਼ ਤੌਰ ‘ਤੇ ਰੋਕ ਰੱਖਿਆ। ਇਸ ਮੌਕੇ ਪਰਿਵਾਰ ਵੱਲੋਂ ਐੱਸਐੱਸਪੀ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਸੁਖਵਿੰਦਰ ਨੇ ਆਖ਼ਰਕਾਰ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਖੰਭੇ ‘ਤੇ ਚੜ੍ਹਨ ਦਾ ਫੈਸਲਾ ਲਿਆ। ਜਿਵੇਂ ਹੀ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪੁੱਜੀ। ਜੀਟੀ ਰੋਡ ‘ਤੇ ਭੀੜ ਇਕੱਠੀ ਹੋ ਗਈ। ਇਸ ਮੌਕੇ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਪਹਿਲਾਂ ਬਬਲਜੀਤ ਨੂੰ ਰਿਹਾਅ ਕਰਵਾਇਆ ਤੇ ਫਿਰ ਸੁਖਵਿੰਦਰ ਦੇ ਬਿਆਨ ਲੈਣ ਤੋਂ ਬਾਅਦ ਉਸ ਨੂੰ ਲਗਪਗ ਦੋ ਘੰਟਿਆਂ ਬਾਅਦ ਖੰਭੇ ਤੋਂ ਹੇਠਾਂ ਉਤਾਰ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰ ਲਏ ਗਏ ਹਨ ਜੋ ਵੀ ਦੋਸ਼ੀ ਹੋਇਆ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button