ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਦਿਖਾ ਕੇ ਕਢਵਾਏ 18 ਲੱਖ
ਪੁਲਿਸ ਨੇ ਬੈਂਕ ਮੁਲਾਜ਼ਮ ਸਣੇ ਦੋ ਵਿਅਕਤੀਆਂ ਖ਼ਿਲਾਫ ਮਾਮਲਾ ਕੀਤਾ ਦਰਜ

ਸੰਗਰੂਰ, 18 ਜੁਲਾਈ : ਆਪਣੇ ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਦਿਖਾ ਕੇ ਬੀਮਾ ਕੰਪਨੀ ਤੋਂ ਕਰੀਬ 18 ਲੱਖ ਰੁਪਏ ਦਾ ਕਲੇਮ ਹਾਸਲ ਕਰਨ ਵਾਲੇ ਵਿਅਕਤੀ ਅਤੇ ਉਸ ਦੀ ਬੈਂਕ ਮੁਲਾਜ਼ਮ ਸਾਥਣ ਖ਼ਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਹੋਇਆ ਹੈ। ਥਾਣਾ ਸਿਟੀ ਵਿਚ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਅਮਰਜੀਤ ਸਿੰਘ ਵਾਸੀ ਬਾਲੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਯਾਦਵਿੰਦਰ ਸਿੰਘ ਅਤੇ ਉਸ ਦੀ ਬੈਂਕ ਮੁਲਾਜ਼ਮ ਸਾਥਣ ਰੂਪਾ ਰਾਣੀ ਵਾਸੀ ਦਿੜਬਾ ਦੀ ਮਿਲੀਭੁਗਤ ਨਾਲ ਅਮਰਜੀਤ ਸਿੰਘ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਤਿਆਰ ਕਰਵਾ ਕੇ ਕੌਲਾ ਪਾਰਕ ਸਥਿਤ ਐੱਚਡੀਐੱਫਸੀ ਬੈਂਕ ਦੀ ਬ੍ਰਾਂਚ ਵਿਚ ਜਮ੍ਹਾਂ ਕਰਵਾ ਕੇ 17 ਲੱਖ 93 ਹਜ਼ਾਰ 917 ਰੁਪਏ ਦਾ ਕਲੇਮ ਹਾਸਲ ਕਰ ਲਿਆ। ਯਾਦਵਿੰਦਰ ਨੇ ਇਹ ਸਾਰੀ ਰਕਮ ਆਪਣੇ ਆਂਧਰਾ ਬੈਂਕ ਦੀ ਬ੍ਰਾਂਚ ਵਿਚ ਜਮ੍ਹਾ ਕਰਵਾ ਦਿੱਤੀ। ਰੂਪਾ ਰਾਣੀ ਨੂੰ ਮਦਦ ਕਰਨ ਦੇ ਬਦਲੇ ਚਾਰ ਲੱਖ ਰੁਪਏ ਯਾਦਵਿੰਦਰ ਨੇ ਦੇ ਦਿੱਤੇ।ਅਮਰਜੀਤ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੀ ਸਾਰੀ ਜ਼ਮੀਨ ਯਾਦਵਿੰਦਰ ਸਿੰਘ ਦੇ ਨਾਂ ਕਰਵਾ ਦਿੱਤੀ ਸੀ ਅਤੇ ਆਪਣਾ ਘਰ-ਬਾਰ ਛੱਡ ਕੇ ਜ਼ੀਰਕਪੁਰ, ਪਟਿਆਲਾ ਵਗੈਰਾ ਥਾਵਾਂ ’ਤੇ ਸਕਿਉਰਟੀ ਗਾਰਡ ਦੀ ਨੌਕਰੀ ਕਰਨ ਲੱਗ ਪਿਆ ਸੀ। ਯਾਦਵਿੰਦਰ ਸਿੰਘ ਨੇ ਉਕਤ ਜ਼ਮੀਨ ਵਿਚੋਂ 6 ਵਿੱਘੇ ਜ਼ਮੀਨ ਰੀਤਇੰਦਰ ਕੌਰ ਪਤਨੀ ਜਸਪਾਲ ਸਿੰਘ ਵਾਸੀ ਬਾਲੀਆਂ ਨੂੰ ਵੇਚ ਕੇ ਰਜਿਸਟਰੀ ਕਰਵਾ ਦਿੱਤੀ। ਉਨ੍ਹਾਂ ਦੱਸਿਆ ਕਿ ਯਾਦਵਿੰਦਰ ਨਸ਼ਾ ਕਰਨ ਦਾ ਆਦੀ ਹੈ ਅਤੇ ਜ਼ਮੀਨ ਵਾਪਸ ਲੈਣ ਲਈ ਅਮਰਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਵਿਚਕਾਰ ਅਦਾਲਤੀ ਕੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਾਦਵਿੰਦਰ ਸਿੰਘ ਨੇ ਪਿੰਡ ਦੇ ਹੀ ਮੰਦਰ ਵਿਚ ਚੋਰੀ ਕਰ ਲਈ ਸੀ, ਜਿਸ ਦਾ ਕੇਸ ਚੱਲ ਰਿਹਾ ਹੈ। ਥਾਣਾ ਸਿਟੀ ਪੁਲਿਸ ਨੇ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਉਸ ਦੇ ਪੁੱਤਰ ਯਾਦਵਿੰਦਰ ਸਿੰਘ ਅਤੇ ਉਸ ਦੀ ਸਾਥਣ ਰੂਪਾ ਰਾਣੀ ਵਾਸੀ ਦਿੜਬਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।



