
ਕਲਾਨੌਰ, 11 ਅਗਸਤ : ‘ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਵਿਚਲੇ ਸਕੂਲਾਂ ਵਿਚ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਵਿਦਿਆਰਥੀਆਂ ਨੂੰ ਕੇਵਲ ਉਰਦੂ ਤੇ ਗਣਿਤ ਹੀ ਪੜ੍ਹਾਇਆ ਜਾਂਦਾ ਸੀ ਅਤੇ ਛੇਵੀਂ ਵਿੱਚ ਅੰਗਰੇਜ਼ੀ ਲੱਗਦੀ ਸੀ। ਵੰਡ ਤੋਂ ਪਹਿਲਾਂ ਮੈਂ ਸਕੂਲ ਵਿੱਚ ਚੌਥੀ ਜਮਾਤ ਵਿੱਚ ਉਰਦੂ ਦੀ ਪੜ੍ਹਾਈ ਕਰਦਾ ਸੀ ਅਤੇ ਜੇ ਭਾਰਤ-ਪਾਕਿਸਤਾਨ ਦੇ ਦੋ ਟੁੱਕੜੇ ਨਾ ਹੁੰਦੇ ਤਾਂ ਹਾਲੇ ਵੀ ਅਸੀਂ ਗੁਰਮੁਖੀ ਦੀ ਬਜਾਏ ਉੱਥੇ ਉਰਦੂ ਹੀ ਪੜ੍ਹਨੀ ਸੀ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਪੂ ਕੁੰਨਣ ਸਿੰਘ ਪਿੰਡ ਭੰਡਵਾਂ ਨੇ ਭਾਰਤ-ਪਾਕਿਸਤਾਨ ਬਣਨ ਤੋਂ ਪਹਿਲਾਂ ਸਮੇਂ ਦੀ ਦਾਸਤਾਂ ਸੁਣਾਉਂਦਿਆਂ ਕੀਤਾ। ਉਹਨਾਂ ਦੱਸਿਆ ਕਿ ਉਸ ਦਾ ਜਨਮ ਪਿਤਾ ਮੇਵਾ ਸਿੰਘ ਦੇ ਘਰ ਮਾਤਾ ਚਿੱਤਰ ਕੌਰ ਦੀ ਕੁੱਖੋਂ ਅੱਸੀਚੱਕ ਤਹਿਸੀਲ ਜੜਾਵਾਲਾ, ਜ਼ਿਲ੍ਹਾ ਲਾਇਲਪੁਰ, ਥਾਣਾ ਸਤਿਆਣਾ ਪਾਕਿਸਤਾਨ ਵਿੱਚ ਹੋਇਆ ਸੀ। ਉਹਨਾਂ ਦੱਸਿਆ ਕਿ ਉਸ ਦੇ ਭਰਾ ਸਰੂਪ ਸਿੰਘ, ਨਿਰਮਲ ਸਿੰਘ ਅਤੇ ਭੈਣ ਪਰਵਿੰਦਰ ਕੌਰ ਤੇ ਕਸ਼ਮੀਰ ਕੌਰ ਉਸ ਤੋਂ ਛੋਟੇ ਸਨ। ਪਾਕਿਸਤਾਨ ਵਿੱਚ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਅਤੇ ਉਸ ਨੂੰ ਬਹਾਦਰ ਸਿੰਘ ਮਾਸਟਰ ਅਤੇ ਇੱਕ ਮੁਸਲਮਾਨ ਮੌਲਵੀ ਪੜਾਉਂਦਾ ਸੀ। ਸਾਡੇ ਪਿੰਡ ਨਾਲ ਚੱਕ ਨੰਬਰ 79, 88, 73, 76, 33 ਵੀ ਲੱਗਦੇ ਸਨ। ਬਾਪੂ ਕੁੰਨਣ ਸਿੰਘ ਨੇ ਦੱਸਿਆ ਕਿ ਅੰਗਰੇਜ਼ਾਂ ਕੋਲੋਂ ਦੇਸ਼ ਨੂੰ ਆਜ਼ਾਦੀ ਮਿਲਣ ਦਾ ਰੌਲ਼ਾ ਪਹਿਲਾਂ ਹੀ ਪੈ ਗਿਆ ਸੀ ਅਤੇ ਉਸ ਵੇਲੇ ਉਨ੍ਹਾਂ ਦੇ ਪਿਤਾ ਮੇਵਾ ਸਿੰਘ ਅਤੇ ਹੋਰ ਸਿੱਖਾਂ-ਹਿੰਦੂਆਂ ਨੂੰ ਜਥੇਦਾਰ ਰਾਮ ਸਿੰਘ ਨੇ ਆ ਕੇ ਦੱਸਿਆ ਸੀ ਕਿ ਦੇਸ਼ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਪਾਕਿਸਤਾਨ ਵੀ ਬਣਨਾ ਹੈ। ਜਥੇਦਾਰ ਰਾਮ ਸਿੰਘ ਨੇ ਆਪਣੀ ਘੋੜੀ ’ਤੇ ਚੜ੍ਹ ਕੇ ਕਈ ਪਿੰਡਾਂ ਦੇ ਹਿੰਦੂ-ਸਿੱਖਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਅਤੇ ਵੱਡਿਆਂ ਨੇ ਪਹਿਲਾਂ ਹੀ ਖਰਾਸਾਂ ਤੋਂ ਕਣਕ ਦਾ ਆਟਾ ਪਿਸਾ ਕੇ ਬੋਰੀਆਂ ਭਰ ਲਈਆਂ ਸਨ। ਜਦੋਂ ਵੰਡ ਹੋਈ ਤਾਂ ਮੁਸਲਮਾਨਾਂ ਵੱਲੋਂ ਕਤਲੇਆਮ ਸ਼ੁਰੂ ਕਰ ਦਿੱਤਾ ਸੀ ਅਤੇ ਹਿੰਦੂ-ਸਿੱਖਾਂ ਦੇ ਘਰ ਲੁੱਟਣੇ ਸ਼ੁਰੂ ਕਰ ਦਿੱਤੇ ਸਨ। ਇਸ ਦੌਰਾਨ ਉਹਨਾਂ ਦੇ ਪਿਤਾ ਨੇ ਘਰ ਦਾ ਸਾਮਾਨ ਗੱਡਿਆਂ ’ਤੇ ਲੱਦ ਲਿਆ। ਉਨ੍ਹਾਂ ਦੱਸਿਆ ਕਿ ਲਾਇਲਪੁਰ, ਪਿਸ਼ੋਰ ਵਾਲੇ ਪਾਸੇ ਤੋਂ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆਉਣ ਵਾਲੇ ਹਿੰਦੂ-ਸਿੱਖਾਂ ਦਾ ਜੱਥਾ ਕਈ-ਕਈ ਮੀਲਾਂ ਤੱਕ ਚੱਲਦਾ ਸੀ। ਉਹਨਾਂ ਦੱਸਿਆ ਕਿ 17-17 ਮੀਲਾਂ ਤੋਂ ਵੱਧ ਗੱਡਿਆਂ ਦੀਆਂ ਲਾਈਨਾਂ ਲੱਗ ਗਈਆਂ ਸਨ। ਉਹਨਾਂ ਦੱਸਿਆ ਕਿ ਉਸ ਸਮੇਂ ਜਿੱਥੇ ਮੁਸਲਮਾਨਾਂ ਦਾ ਪੂਰਾ ਖੌਫ ਸੀ, ਉੱਥੇ ਮੀਂਹ ਦਾ ਕਹਿਰ ਵੀ ਜ਼ੋਰਾਂ ’ਤੇ ਸੀ। ਮੀਂਹ ਦੇ ਪਾਣੀ ਨਾਲ ਰਾਵੀ ਵਿੱਚ ਹੜ੍ਹ ਵੀ ਆ ਗਿਆ ਸੀ। ਬਾਪੂ ਕੁੰਨਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਧਰ ਆਏ ਤਾਂ ਰਾਵੀ ਦਰਿਆ ਦੇ ਪਾਣੀ ਵਿੱਚ ਜਿੱਥੇ ਲਾਸ਼ਾਂ ਤੈਰ ਰਹੀਆਂ ਸਨ, ਉੱਥੇ ਕਿਨਾਰਿਆਂ ’ਤੇ ਮਨੁੱਖੀ ਸਰੀਰਾਂ ਦੇ ਪਿੰਜਰ ਬਦਬੂ ਮਾਰ ਰਹੇ ਸਨ। ਜਥਿਆਂ ਦੇ ਨਾਲ-ਨਾਲ ਗੋਰਖਾ ਪੁਲਿਸ ਵੀ ਲੱਗ ਗਈ ਸੀ ਪ੍ਰੰਤੂ ਇਸ ਦੇ ਬਾਵਜੂਦ ਮੁਸਲਮਾਨ ਜਥਿਆਂ ’ਤੇ ਹਮਲਾ ਕਰ ਦਿੰਦੇ ਸਨ। ਉਹਨਾਂ ਦੱਸਿਆ ਕਿ ਇਧਰ ਆ ਕੇ ਉਸ ਦਾ ਵਿਆਹ ਸਵਰਨ ਕੌਰ ਨਾਲ ਪਿੰਡ ਭੂਤਨੇ ਜੋਗਰ ਵਿਖੇ ਹੋਇਆ ਸੀ। ਉਸ ਨੇ ਪੰਜਾਬੀ ਸੂਬੇ ਲਈ ਹਿਸਾਰ ਵਿਖੇ ਜੇਲ੍ਹ ਕੱਟੀ ਸੀ।ਇਸ ਮੌਕੇ ਬਾਪੂ ਕੁੰਨਣ ਸਿੰਘ ਦੀ ਪਤਨੀ ਸਵਰਨ ਕੌਰ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਦੀ ਵੰਡ ਹੋਈ ਤਾਂ ਉਹ ਆਪਣੀ ਛੋਟੀ ਭੈਣ ਨਾਲ ਖੇਡ ਰਹੀ ਸੀ ਕਿ ਭਾਰਤ ਪਾਕਿਸਤਾਨ ਬਣਨ ਦੀ ਖ਼ਬਰ ਸੁਣਦਿਆਂ ਹੀ ਚੀਕ-ਚਿਹਾੜਾ ਪੈ ਗਿਆ ਸੀ ਅਤੇ ਉਸ ਦੀ ਮਾਂ ਅਤੇ ਮਾਸੀ ਨੇ ਤੁਰੰਤ ਉਹਨਾਂ ਨੂੰ ਫੜ ਕੇ ਆਪਣੇ ਘਰ ਲੈ ਆਂਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਪਿੰਡ ਝਬਕਰਾ ਮਰਾਫਾ ਨੇੜੇ ਭੂਤਨਾ ਡੋਗਰ ਸੀ ਅਤੇ ਇੱਥੇ ਦੋ ਦਿਨ ਇਹ ਰੌਲਾ ਪਿਆ ਰਿਹਾ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਵਿੱਚ ਆ ਗਿਆ ਹੈ ਅਤੇ ਉਨ੍ਹਾਂ ਨੂੰ ਉਹਨਾਂ ਦੇ ਵੱਡੇ-ਵਡੇਰੇ ਕਹਿੰਦੇ ਸਨ ਕਿ ਸਾਨੂੰ ਇੱਥੋਂ ਉੱਠਣਾ ਪਵੇਗਾ ਜਦਕਿ ਬਾਅਦ ਵਿੱਚ ਫ਼ੈਸਲਾ ਆਇਆ ਕਿ ਗੁਰਦਾਸਪੁਰ ਭਾਰਤ ਦੇ ਹਿੱਸੇ ਆਇਆ ਹੈ ਤਾਂ ਉਨ੍ਹਾਂ ਸੁੱਖ ਦਾ ਸਾਹ ਲਿਆ ਸੀ। ਬਾਪੂ ਕੁੰਨਣ ਸਿੰਘ ਤੇ ਮਾਤਾ ਸਵਰਨ ਕੌਰ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਏ ਖੂਨ-ਖਰਾਬੇ ਵਿੱਚ ਲੱਖਾਂ ਬੇਦੋਸ਼ਿਆਂ ਦਾ ਕਤਲ ਹੋਇਆ ਸੀ।



