Punjab

ਸ਼ਹੀਦ ਦੇ ਪੋਤੇ ਨੂੰ ਪਹਿਲਾਂ ਸਟੇਜ ’ਤੇ ਬਿਠਾਇਆ ਫਿਰ ਕਮਰੇ ’ਚ ਕਰ’ਤਾ ਬੰਦ

ਜਾਣੋ ਕੀ ਹੈ ਮਾਮਲਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 8 ਅਗਸਤ : ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਹੁਕਮਰਾਨ ਤੇ ਸਿਆਸੀ ਪਾਰਟੀਆਂ ਹਮੇਸ਼ਾ ਸ਼ਹੀਦਾਂ ਤੇ ਉਨ੍ਹਾਂ ਦੇ ਵਾਰਸਾਂ ਦਾ ਸਨਮਾਨ ਕਰਨ ਦਾ ਦਮ ਭਰਦੀਆਂ ਹਨ, ਪਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਦੇ ਵਾਰਸਾਂ ਦੇ ਪੱਲੇ ਨਿਰਾਸ਼ਾ ਪਈ ਹੈ। ਅੰਗਰੇਜ਼ਾਂ ਤੋ ਜਲ੍ਹਿਆਵਾਲਾ ਬਾਗ਼ ਦੇ ਗੋਲ਼ੀ ਕਾਂਡ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ ਪੋਤੇ ਜੀਤ ਸਿੰਘ ਨੇ ਹਟਕੋਰੇ ਲੈਂਦਿਆਂ ਦੱਸਿਆ ਕਿ ਉਹ ਸੁਨਾਮ ਵਿਖੇ ਹੋਣ ਵਾਲੇ ਸਮਾਗਮ ’ਚ ਸਟੇਜ ’ਤੇ ਬੈਠੇ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਉਸ ਨੂੰ ਸਟੇਜ ਤੋਂ ਉਤਾਰ ਕੇ ਇਕ ਕਮਰੇ ’ਚ ਬੰਦ ਕਰ ਦਿੱਤਾ ਗਿਆ। ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆਂ ਜੀਤ ਸਿੰਘ ਤੇ ਉਸ ਦੇ ਦੋ ਪੁੱਤਰਾਂ ਜੱਗਾ ਸਿੰਘ ਤੇ ਬਲਵੀਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੂੰ ਹੋਸ਼ ਆਈ ਹੈ, ਉਹ ਉਦੋਂ ਤੋਂ ਹਰੇਕ ਸਾਲ ਸਨਮਾਨ ਹੁੰਦਾ ਦੇਖ ਰਹੇ ਹਨ, ਪਰ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਨੂੰ ਬੁਲਾ ਕੇ ਨਾ ਸਿਰਫ਼ ਅਪਮਾਨ ਕੀਤਾ ਗਿਆ, ਬਲਕਿ ਗ਼ੈਰ-ਕਾਨੂੰਨੀ ਢੰਗ ਨਾਲ ਇਕ ਕਮਰੇ ’ਚ ਬੰਦ ਕਰ ਕੇ ਇਕ ਤਰ੍ਹਾਂ ਨਾਲ ਕੈਦ ਕੀਤਾ ਗਿਆ ਹੈ। ਸ਼ਹੀਦ ਊਧਮ ਸਿੰਘ ਦੀ ਪੀੜ੍ਹੀ ਦਾ ਵਾਰਿਸ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਪਰਿਵਾਰ ਦਾ ਕੁਰਸੀਨਾਮਾ ਦਿਖਾਉਂਦਿਆਂ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਿਹਾ ਹੈ। ਸਮੇਂ-ਸਮੇਂ ਦੀਆਂ ਹਕੂਮਤਾਂ ਸ਼ਹੀਦਾਂ ਨੂੰ ਯਾਦ ਕਰਦੀਆਂ ਹਨ ਅਤੇ ਇਕ ਦਿਨ ਸਿਆਸੀ ਰੋਟੀਆਂ ਸੇਕਣ ਮਗਰੋਂ ਮੁੜ ਭੁੱਲ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਸਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਮੁੱਖ ਮੰਤਰੀ ਦਫ਼ਤਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਜਾਰੀ ਪੱਤਰ ਮੀਮੋ ਨੰਬਰ ਐੱਲ-ਸੀ 3-(2141)87515 ਮਿਤੀ 24 ਅਕਤੂਬਰ 06 ਦਿਖਾਉਂਦਿਆਂ ਦੱਸਿਆ ਕਿ ਇਹ ਪੱਤਰ ਦੇਣ ਉਪਰੰਤ ਥੋੜ੍ਹੀ ਕਾਰਵਾਈ ਸ਼ੁਰੂ ਹੋਈ ਸੀ, ਫਿਰ ਚੋਣ ਜ਼ਾਬਤਾ ਲੱਗ ਗਿਆ। ਜਿਸ ਕਾਰਨ ਉਸ ਨੂੰ ਨੌਕਰੀ ਨਹੀਂ ਮਿਲ ਸਕੀ ਤੇ ਉਸ ਤੋਂ ਬਾਅਦ ਹਰੇਕ ਸਰਕਾਰ ਨੇ ਲਾਰਿਆ ਤੋਂ ਸਿਵਾਏ ਕੁੱਝ ਹੋਰ ਪੱਲੇ ਨਹੀਂ ਪਾਇਆ।

Related Articles

Leave a Reply

Your email address will not be published. Required fields are marked *

Back to top button