Punjab

ਸਿੱਖਿਆ ਵਿਭਾਗ ’ਚ 104 ਟੀਜੀਟੀ ਅਧਿਆਪਕਾਂ ਦੀ ਭਰਤੀ ਲਈ ਪ੍ਰਵਾਨਗੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 7 ਅਗਸਤ : ਚੰਡੀਗੜ੍ਹ ਸਿੱਖਿਆ ਵਿਭਾਗ ਵਿਚ ਟੀਜੀਟੀ ਅਸਾਮੀਆਂ ’ਤੇ ਭਰਤੀ ਦੀ ਉਡੀਕ ਕਰ ਰਹੇ ਸੈਂਕੜੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਯੂਟੀ ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਵਿਚ 104 ਖਾਲੀ ਅਸਾਮੀਆਂ ’ਤੇ ਟੀਜੀਟੀ ਅਧਿਆਪਕਾਂ ਦੀ ਨਿਯੁਕਤੀ ਕਰਨ ਦਾ ਫ਼ੈਸਲਾ ਕੀਤਾ ਹੈ। ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਸਕੱਤਰ ਦੀ ਪ੍ਰਵਾਨਗੀ ਤੋਂ ਬਾਅਦ, ਸਿੱਖਿਆ ਵਿਭਾਗ ਨੇ ਸਮਗਰ ਸਿੱਖਿਆ (ਐੱਸਐੱਸਏ) ਅਧੀਨ ਟੀਜੀਟੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਤੋਂ ਇਲਾਵਾ, ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਸਮੇਤ ਦੇਸ਼ ਭਰ ਦੇ ਨੌਜਵਾਨ ਟੀਜੀਟੀ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ, ਜੇਬੀਟੀ ਅਤੇ ਟੀਜੀਟੀ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਨੇ ਚਾਰ ਮਹੀਨਿਆਂ ਦੇ ਅੰਦਰ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ, ਅਧਿਆਪਕਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਸਿਰਫ਼ ਯੋਗਤਾ ਦੇ ਆਧਾਰ ’ਤੇ ਕੀਤੀ ਜਾਵੇਗੀ। ਭਰਤੀ ਲਈ ਯੋਗ ਉਮੀਦਵਾਰ 14 ਅਗਸਤ ਤੋਂ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਅਰਜ਼ੀ ਦੇ ਸਕਣਗੇ। ਹਾਲ ਹੀ ਵਿਚ ਸਿੱਖਿਆ ਵਿਭਾਗ ਨੇ 993 ਰੈਗੂਲਰ ਅਧਿਆਪਕ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਹੈ। 14 ਅਗਸਤ ਤੋਂ 5 ਸਤੰਬਰ ਤਕ ਅਰਜ਼ੀਆਂ ਸਿਰਫ਼ ਆਨਲਾਈਨ ਸਵੀਕਾਰ ਕੀਤੀਆਂ ਜਾਣਗੀਆਂ। ਫ਼ੀਸ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 8 ਸਤੰਬਰ ਦੁਪਹਿਰ 2 ਵਜੇ ਤਕ ਹੋਵੇਗੀ। ਜਨਰਲ ਸ਼੍ਰੇਣੀ ਲਈ ਅਰਜ਼ੀ ਫ਼ੀਸ 1000 ਰੁਪਏ ਅਤੇ ਐੱਸਸੀ ਸ਼੍ਰੇਣੀ ਲਈ 500 ਰੁਪਏ ਹੈ। ਟੀਜੀਟੀ ਅਸਾਮੀਆਂ ਲਈ ਚੋਣ ਲਈ ਗ੍ਰੈਜੂਏਸ਼ਨ (50 ਫ਼ੀਸਦੀ) ਅਤੇ ਸਬੰਧਿਤ ਵਿਸ਼ੇ ਵਿਚ ਸੀਟੀਈਟੀ ਦੇ ਨਾਲ ਬੀਐੱਡ ਹੋਣਾ ਲਾਜ਼ਮੀ ਹੈ। ਬਿਨੈਕਾਰ ਦੀ ਉਮਰ 1 ਜਨਵਰੀ, 2025 ਨੂੰ 21 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਿਜ਼ਰਵ ਸ਼੍ਰੇਣੀ ਨੂੰ ਨਿਯਮਾਂ ਅਨੁਸਾਰ ਛੋਟ ਮਿਲੇਗੀ। ਲਿਖਤੀ ਪ੍ਰੀਖਿਆ 150 ਅੰਕਾਂ ਦੀ ਹੋਵੇਗੀ, 40 ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਲਿਖਤੀ ਪ੍ਰੀਖਿਆ ਤੋਂ ਬਾਅਦ ਅਸਾਮੀਆਂ ਲਈ ਉਮੀਦਵਾਰਾਂ ਦੀ ਗਿਣਤੀ ਤੋਂ ਤਿੰਨ ਗੁਣਾ ਵੱਧ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਟੀਜੀਟੀ ’ਤੇ ਨਿਯੁਕਤ ਅਧਿਆਪਕਾਂ ਨੂੰ 54870 ਰੁਪਏ ਮਹੀਨਾਵਾਰ ਤਨਖਾਹ ਮਿਲੇਗੀ।

ਵਿਸ਼ਾ – ਕਿੰਨੀਆਂ ਅਸਾਮੀਆਂ ਭਰਤੀ ਕੀਤੀਆਂ ਜਾਣੀਆਂ ਹਨ

ਅੰਗਰੇਜ਼ੀ- 10

ਐੱਸਐੱਸਟੀ- 30

ਹਿੰਦੀ- 4

ਗਣਿਤ- 15

ਪੰਜਾਬੀ- 9

ਸਾਇੰਸ ਮੈਡੀਕਲ- 8

ਸਾਇੰਸ ਨਾਨ ਮੈਡੀਕਲ- 28

 7 ਅਗਸਤ ਤੋਂ ਜੇਬੀਟੀ ਦੀਆਂ 218 ਅਸਾਮੀਆਂ ਲਈ ਆਨਲਾਈਨ ਅਪਲਾਈ

ਚੰਡੀਗੜ੍ਹ ਸਿੱਖਿਆ ਵਿਭਾਗ ਨੇ 7 ਅਗਸਤ ਤੋਂ ਸਮਗਰਾ ਸਿੱਖਿਆ (ਐੱਸਐੱਸਏ) ਅਧੀਨ ਜੇਬੀਟੀ ਦੀਆਂ 218 ਅਸਾਮੀਆਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੋਗ ਬਿਨੈਕਾਰ 7 ਅਗਸਤ ਤੋਂ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੇਣ ਦੀ ਆਖ਼ਰੀ ਮਿਤੀ 28 ਅਗਸਤ ਹੋਵੇਗੀ। ਜੇਬੀਟੀ ’ਤੇ ਚੁਣੇ ਗਏ ਨਵੇਂ ਅਧਿਆਪਕਾਂ ਨੂੰ 45,260 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ। ਜੇਬੀਟੀ ਅਧਿਆਪਕਾਂ ਦੀ ਨਿਯੁਕਤੀ ਵੀ ਲਿਖਤੀ ਪ੍ਰੀਖਿਆ ਦੀ ਯੋਗਤਾ ਦੇ ਆਧਾਰ ’ਤੇ ਹੋਵੇਗੀ। ਸਿੱਖਿਆ ਵਿਭਾਗ ਨੇ ਜੇਬੀਟੀ ਤੋਂ ਬਾਅਦ ਟੀਜੀਟੀ ਅਸਾਮੀਆਂ ਦੀ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਅਸਾਮੀਆਂ ਸਮਗਰ ਸਿੱਖਿਆ ਅਧੀਨ ਭਰੀਆਂ ਜਾਣਗੀਆਂ। ਭਰਤੀ ਲਿਖਤੀ ਪ੍ਰੀਖਿਆ ਦੀ ਯੋਗਤਾ ਦੇ ਆਧਾਰ ’ਤੇ ਹੋਵੇਗੀ। ਭਰਤੀ ਪ੍ਰਕਿਰਿਆ ਤਿੰਨ ਤੋਂ ਚਾਰ ਮਹੀਨਿਆਂ ਵਿਚ ਪੂਰੀ ਹੋ ਜਾਵੇਗੀ।

Related Articles

Leave a Reply

Your email address will not be published. Required fields are marked *

Back to top button