ਡਾ. ਕਸ਼ਮੀਰ ਸਿੰਘ ਸੋਹਲ ਦੀ ਰਿਪੋਰਟ ਨੇ ਨਿਭਾਈ ਫ਼ਰਜ਼ੀ ਮੁਕਾਬਲੇ ਦੇ ਫ਼ੈਸਲੇ ’ਚ ਅਹਿਮ ਭੂਮਿਕਾ
ਤਿੰਨ ਐੱਸਪੀਓਜ਼ ਸਮੇਤ ਸੱਤ ਨੌਜਵਾਨਾਂ ਦੀ ਪੋਸਟਮਾਰਟਮ ਰਿਪੋਰਟ

ਤਰਨਤਾਰਨ, 7 ਅਗਸਤ : ਸਾਲ 1993 ਦੇ ਫ਼ਰਜ਼ੀ ਪੁਲਿਸ ਮੁਕਾਬਲੇ, ਜਿਸ ’ਚ ਤਿੰਨ ਐੱਸਪੀਓਜ਼ ਸਮੇਤ ਸੱਤ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ, ਦੇ ਮਾਮਲੇ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਮੰਗਲਵਾਰ ਨੂੰ ਸੁਣਾਏ ਗਏ ਫ਼ੈਸਲੇ ’ਚ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਮਰਹੂਮ ਵਿਧਾਇਕ ਡਾ. ਕਸ਼ਮੀਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਤੇ ਇਸ ਕੇਸ ’ਚ ਉਨ੍ਹਾਂ ਦੀਆਂ ਗਵਾਹੀਆਂ ਦੀ ਅਹਿਮ ਭੂਮਿਕਾ ਰਹੀ। ਡਾ. ਕਸ਼ਮੀਰ ਸਿੰਘ ਉਸ ਵੇਲੇ ਸਿਵਲ ਹਸਪਤਾਲ ਤਰਨਤਾਰਨ ’ਚ ਮੈਡੀਕਲ ਅਫ਼ਸਰ ਤਾਇਨਾਤ ਸਨ। 2022 ’ਚ ਉਹ ਤਰਨਤਾਰਨ ਤੋਂ ਵਿਧਾਇਕ ਵੀ ਚੁਣੇ ਗਏ ਸਨ। ਇਸੇ ਸਾਲ 27 ਜੂਨ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੁਕਾਬਲੇ ’ਚ ਮਾਰੇ ਗਏ ਤਿੰਨਾਂ ਐੱਸਪੀਓਜ਼ ਦੇ ਪਰਿਵਾਰਾਂ ਨੇ ਡਾ. ਕਸ਼ਮੀਰ ਸਿੰਘ ਸੋਹਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਕੇਸ ’ਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਡਾ. ਕਸ਼ਮੀਰ ਸਿੰਘ ਸੋਹਲ ਦੀ ਪਤਨੀ ਪ੍ਰੋ. ਨਵਜੋਤ ਕੌਰ ਹੁੰਦਲ ਦੱਸਦੇ ਹਨ ਕਿ ਸਾਲ 1992 ’ਚ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਬਦਲ ਕੇ ਤਰਨਤਾਰਨ ਦੇ ਸਿਵਲ ਹਸਪਤਾਲ ਤਾਇਨਾਤ ਹੋਏ ਸਨ। ਸਿਵਲ ਹਸਪਤਾਲ ਦੇ ਕੈਂਪਸ ’ਚ ਹੀ ਉਨ੍ਹਾਂ ਨੂੰ ਘਰ ਅਲਾਟ ਹੋਇਆ ਸੀ। ਜੁਲਾਈ, 1993 ’ਚ ਪੁਲਿਸ ਨੇ ਪਿੰਡ ਰਾਣੀ ਵਲਾਹ ਦੇ ਰਹਿਣ ਵਾਲੇ ਤਿੰਨ ਸਪੈਸ਼ਲ ਪੁਲਿਸ ਅਫ਼ਸਰਾਂ (ਐੱਸਪੀਓ) ਸ਼ਿੰਦਾ ਸਿੰਘ, ਸੁਖਦੇਵ ਸਿੰਘ ਤੇ ਦੇਸਾ ਸਿੰਘ, ਜੋ ਪਿੰਡ ਦੇ ਹੀ ਸ਼ਰਾਬ ਦੇ ਠੇਕੇਦਾਰ ਜੋਗਿੰਦਰ ਸਿੰਘ ਨਾਲ ਬਤੌਰ ਸੁਰੱਖਿਆ ਗਾਰਡ ਤਾਇਨਾਤ ਸਨ, ਨੂੰ ਚਾਰ ਹੋਰ ਲੋਕਾਂ ਸਮੇਤ ਚੁੱਕ ਕੇ ਦੋ ਵੱਖ-ਵੱਖ ਫ਼ਰਜ਼ੀ ਮੁਕਾਬਲਿਆਂ ’ਚ ਮਾਰ ਮੁਕਾਇਆ ਸੀ। ਮੁਕਾਬਲੇ ’ਚ ਮਾਰੇ ਗਏ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਡਾ. ਸੋਹਲ ਕੋਲ ਪੁੱਜੀਆਂ ਤਾਂ ਉਨ੍ਹਾਂ ਨੌਜਵਾਨਾਂ ਦੇ ਨੇੜਿਓਂ ਗੋਲ਼ੀਆਂ ਲੱਗਣ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ’ਤੇ ਲੱਗੀਆਂ ਹੋਰ ਸੱਟਾਂ, ਜੋ ਪੁਲਿਸ ਹਿਰਾਸਤ ’ਚ ਤਸ਼ਦੱਦ ਦੌਰਾਨ ਲੱਗੀਆਂ ਸਨ, ਬਾਰੇ ਵੀ ਆਪਣੀ ਰਾਏ ਦਰਜ ਕੀਤੀ। ਪ੍ਰੋ. ਨਵਜੋਤ ਕੌਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਡਾ. ਸੋਹਲ ਨੇ ਘਰ ਆ ਕੇ ਦੱਸਿਆ ਮਰਨ ਵਾਲੇ ਨੌਜਵਾਨਾਂ ਦੇ ਹੱਥ ਵਾਣ ਵਰਗੇ ਰੱਸੇ ਨਾਲ ਬੰਨੇ ਹੋਣ ਕਰਕੇ ਜ਼ਖ਼ਮ ਬਣੇ ਹੋਏ ਸਨ ਤੇ ਇਹ ਪੁਲਿਸ ਹਿਰਾਸਤ ਦੌਰਾਨ ਤਸ਼ਦਦ ਦੀ ਨਿਸ਼ਾਨੀ ਹੈ। ਉਨ੍ਹਾਂ ਨੇ ਇਹ ਸਾਰਾ ਕੁਝ ਪੋਸਟਮਾਰਟਮ ਰਿਪੋਰਟ ’ਚ ਦਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਇਸ ਕੇਸ ’ਚ ਗਵਾਹੀਆਂ ਵੀ ਦਿੰਦੇ ਰਹੇ। ਅਖ਼ੀਰ 32 ਸਾਲ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਕੇਸ ’ਚ ਪੰਜ ਸੇਵਾਮੁਕਤ ਪੁਲਿਸ ਅਧਿਕਾਰੀਆਂ, ਸਾਬਕਾ ਐੱਸਐੱਸਪੀ ਭੁਪਿੰਦਰਜੀਤ ਸਿੰਘ, ਡੀਐੱਸਪੀ ਦਵਿੰਦਰ ਸਿੰਘ, ਇੰਸਪੈਕਟਰ ਸੂਬਾ ਸਿੰਘ ਏਐੱਸਆਈ ਗੁਲਬਰਗ ਸਿੰਘ ਤੇ ਏਐੱਸਆਈ ਰਘੁਬੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।



