
ਬਠਿੰਡਾ, 6 ਅਗਸਤ : ਪੰਜਾਬ ਸਰਕਾਰ ਖ਼ਿਲਾਫ਼ ਨਾ ਧਰਨਾ, ਨਾ ਪ੍ਰਦਰਸ਼ਨ ਤੇ ਨਾ ਹੀ ਕੋਈ ਮਾਰਚ ਹੋਣ ਦੇ ਬਾਵਜੂਦ ਪੁਲਿਸ ਨੇ ਮਹਿਲਾ ਅਧਿਆਪਕ ਨੂੰ ਛੇ ਘੰਟੇ ਸਕੂਲ ਵਿਚ ਹੀ ਨਜ਼ਰਬੰਦ ਕਰੀ ਰੱਖਿਆ। ਕਰੀਬ ਛੇ ਘੰਟੇ ਸਕੂਲ ਦੇ ਕਮਰੇ ’ਚ ਮੌਜੂਦ ਰਹੀ ਪੁਲਿਸ ਕਾਰਨ ਸਕੂਲ ਦੇ ਛੋਟੇ ਬੱਚਿਆਂ ’ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਰਿਹਾ। ਅਧਿਆਪਕ ਜਥੇਬੰਦੀਆਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ਹੀਦ ਕਿਰਨਜੀਤ ਕੌਰ ਪ੍ਰੀ ਪ੍ਰਾਇਮਰੀ ਟੀਚਰ ਯੂਨੀਅਨ ਦੀ ਆਗੂ ਵੀਰਪਾਲ ਕੌਰ ਸਿਧਾਣਾ ਹਾਜੀਰਤਨ ਦੇ ਸਰਕਾਰੀ ਸਕੂਲ ’ਚ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਡਿਊਟੀ ਕਰਦੇ ਹਨ। ਪੁਲਿਸ ਨੇ ਪਹਿਲਾਂ ਵੀਰਪਾਲ ਕੌਰ ਦੇ ਜੱਦੀ ਪਿੰਡ ਸਿਧਾਣਾ ਵਿਖੇ ਛਾਪੇਮਾਰੀ ਕੀਤੀ, ਪਰ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਉਹ ਅੱਜ-ਕੱਲ੍ਹ ਬਠਿੰਡਾ ਰਹਿ ਰਹੀ ਹੈ ਤਾਂ ਪੁਲਿਸ ਉਨ੍ਹਾਂ ਦੇ ਬਠਿੰਡਾ ਵਿਚਲੇ ਘਰ ਪੁੱਜੀ। ਵੀਰਪਾਲ ਕੌਰ ਸਿਧਾਣਾ ਨੇ ਦੱਸਿਆ ਕਿ ਸੋਮਵਾਰ ਨੂੰ ਅਜਿਹਾ ਕੋਈ ਪ੍ਰਦਰਸ਼ਨ ਨਹੀਂ ਹੋਣਾ ਸੀ ਤੇ ਨਾ ਹੀ ਉਸ ਨੇ ਬਾਹਰ ਜਾਣਾ ਸੀ। ਉਨ੍ਹਾਂ ਦੱਸਿਆ ਕੁਝ ਦਿਨ ਪਹਿਲਾਂ ਸਿੱਖਿਆ ਮੰਤਰੀ ਨਾਲ ਉਨ੍ਹਾਂ ਦੀ ਯੂਨੀਅਨ ਦੀ ਮੀਟਿੰਗ ਹੋਣੀ ਸੀ ਪਰ ਸਿੱਖਿਆ ਮੰਤਰੀ ਦੀ ਬਜਾਏ ਸਿੱਖਿਆ ਸਕੱਤਰ ਨਾਲ ਉਨ੍ਹਾਂ ਦੀ ਬੈਠਕ ਕਰਵਾਈ ਗਈ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਦੋ ਦਿਨ ਬਾਅਦ ਡਿਪਟੀ ਕਮਿਸ਼ਨਰ ਜ਼ਰੀਏ ਉਨ੍ਹਾਂ ਨੂੰ ਸੁਨੇਹਾ ਦੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਦਾ ਸੁਨੇਹਾ ਦੇਣ ਦੀ ਬਜਾਏ ਕਰੀਬ ਸਾਢੇ ਚਾਰ ਵਜੇ ਪੁਲਿਸ ਨੇ ਉਨ੍ਹਾਂ ਦੇ ਜੱਦੀ ਪਿੰਡ ਸਿਧਾਣਾ ਵਿਖੇ ਛਾਪੇਮਾਰੀ ਕਰ ਕੇ ਸਵੇਰੇ 6 ਵਜੇ ਦੇ ਕਰੀਬ ਉਸ ਨੂੰ ਹਿਰਾਸਤ ’ਚ ਲੈਣ ਦੀ ਕੋਸ਼ਿਸ਼ ਕੀਤੀ। ਵੀਰਪਾਲ ਕੌਰ ਜ਼ਬਰਦਸਤੀ ਸਕੂਲ ਲਈ ਰਵਾਨਾ ਹੋ ਗਈ ਤਾਂ ਪੁਲਿਸ ਵੀ ਉਸ ਦੇ ਪਿੱਛੇ-ਪਿੱਛੇ ਸਕੂਲ ਪਹੁੰਚ ਗਈ। ਇਸ ਦੌਰਾਨ ਕਰੀਬ ਛੇ ਘੰਟੇ ਪੁਲਿਸ ਸਕੂਲ ਦੇ ਕਮਰੇ ’ਚ ਬੈਠੀ ਰਹੀ। ਦੂਜੇ ਪਾਸੇ ਸਕੂਲ ਦੇ ਕਮਰੇ ’ਚ ਮਹਿਲਾ ਅਧਿਆਪਕਾਂ ਨੂੰ ਨਜ਼ਰਬੰਦ ਕਰਨ ਦੀ ਅਧਿਆਪਕ ਜਥੇਬੰਦੀਆਂ ਨੇ ਸਖਤ ਨਿਖੇਧੀ ਕੀਤੀ ਹੈ। ਅਧਿਆਪਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਕੂਲ ’ਚ ਮਹਿਲਾ ਅਧਿਆਪਕ ਨੂੰ ਛੇ ਘੰਟੇ ਬਿਨਾਂ ਗੱਲੋਂ ਨਜ਼ਰਬੰਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।



