
ਰੂਪਨਗਰ, 6 ਅਗਸਤ : ਰੂਪਨਗਰ ਵਿਚ ਸਿੰਘ ਸਭਾ ਗੁਰਦੁਆਰੇ ਦੇ ਨੇੜੇ ਸਥਿਤ ਸਟਾਰ ਕਮਿਊਨੀਕੇਸ਼ਨ ਨਾਮਕ ਮੋਬਾਈਲਾਂ ਦੀ ਦੁਕਾਨ ’ਤੇ ਚੋਰਾਂ ਨੇ ਦਿਨ ਦੇ ਸਮੇਂ ਚੋਰੀ ਕਰਦਿਆਂ ਪੰਦਰਾਂ ਹਜ਼ਾਰ ਰੁਪਏ ਚੋਰੀ ਕਰ ਲਏ। ਇਹ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਦੁਕਾਨ ਦੇ ਮਾਲਕ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਦੁਪਹਿਰ ਕਰੀਬ 1:30 ਵਜੇ ਖਾਣੇ ਲਈ ਘਰ ਗਏ ਸਨ। ਜਦੋਂ ਉਹ 2 ਵਜੇ ਖਾਣਾ ਖਾ ਕੇ ਦੁਕਾਨ ’ਤੇ ਵਾਪਸ ਆਏ, ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦਾ ਸ਼ੀਸ਼ੇ ਵਾਲਾ ਦਰਵਾਜਾ ਖੁੱਲ੍ਹਾ ਹੋਇਆ ਸੀ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ, ਤਾਂ ਸਾਰਾ ਸਮਾਨ ਠੀਕ ਸੀ, ਪਰ ਗੱਲੇ ਵਿਚ ਪਏ ਪੰਦਰਾਂ ਹਜ਼ਾਰ ਰੁਪਏ ਗਾਇਬ ਸਨ। ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਇਸਨੂੰ ਦੇਖਣ ’ਤੇ ਪਤਾ ਲੱਗਾ ਕਿ ਦੋ ਚੋਰ ਇਕ ਸਪਲੈਂਡਰ ਮੋਟਰਸਾਈਕਲ ’ਤੇ ਆਏ, ਜਿਸ ’ਤੇ ਬੈਠੇ ਵਿਅਕਤੀ ਨੇ ਦੁਕਾਨ ਦੇ ਸ਼ੀਸ਼ੇ ਵਾਲੇ ਦਰਵਾਜੇ ਦਾ ਤਾਲਾ ਤੋੜਿਆ ਅਤੇ ਦੁਕਾਨ ਦੇ ਅੰਦਰ ਦਾਖਲ ਹੋ ਗਿਆ। ਉਹ ਸਿੱਧਾ ਗੱਲੇ ਕੋਲ ਗਿਆ ਅਤੇ ਗੱਲੇ ਵਿਚ ਰੱਖੇ ਪੰਦਰਾਂ ਹਜ਼ਾਰ ਰੁਪਏ ਚੋਰੀ ਕਰ ਲਏ। ਇਸ ਘਟਨਾ ਨੇ ਸਥਾਨਕ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।



