Punjab

ਨੌਜਵਾਨ ਨੂੰ ਕਾਰ ’ਚ ਅਗਵਾ ਕਰ ਕੇ ਕੀਤੀ ਕੁੱਟਮਾਰ, 75 ਹਜ਼ਾਰ ਰੁਪਏ ਲੈ ਕੇ ਛੱਡਿਆ

ਲੁਧਿਆਣਾ, 6 ਅਗਸਤ : ਗਿਆਸਪੁਰਾ ਦੇ ਰਹਿਣ ਵਾਲੇ ਇਕ ਮਨਿਆਰੀ ਦੇ ਦੁਕਾਨਦਾਰ ਸਨੀ ਨੂੰ ਆਪਣੇ ਦੋਸਤ ਦੇ ਘਰ ਜਾਣਾ ਮਹਿੰਗਾ ਪੈ ਗਿਆ। ਮੰਗਲਵਾਰ ਦੀ ਦੁਪਹਿਰ ਜਦੋਂ ਉਹ ਰੇਲਵੇ ਕਾਲੋਨੀ ਸ਼ੈੱਡ ਨੇੜੇ ਆਪਣੇ ਦੋਸਤ ਸ਼ੁਭਮ ਦੇ ਘਰ ਉਸ ਨੂੰ ਮਿਲਣ ਜਾ ਰਿਹਾ ਸੀ ਤਾਂ ਸਿਗਰਟ ਪੀਣ ਲਈ ਇਕ ਦੁਕਾਨ ’ਤੇ ਰੁਕਿਆ। ਉਥੇ ਇਕ ਕਾਰ ’ਚ ਸਵਾਰ ਤਿੰਨ ਨੌਜਵਾਨ ਉਸ ਕੋਲ ਆਏ ਅਤੇ ਉਸ ਨੂੰ ਜਬਰਦਸਤੀ ਚੁੱਕ ਕੇ ਗੱਡੀ ’ਚ ਸੁੱਟ ਲਿਆ। ਉਨ੍ਹਾਂ ਨੇ ਉਸ ਦੀ ਰੇਲਵੇ ਕੁਆਰਟਰ ’ਚ ਲੈ ਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਪੈਸੇ ਦੇਣ ਦਾ ਦਬਾਅ ਬਣਾਇਆ। ਇਸ ਦੌਰਾਨ ਉਨ੍ਹਾਂ ਨੇ ਉਸ ਦੀ ਜੇਬ ’ਚੋਂ ਲਗਪਗ 25 ਹਜ਼ਾਰ ਰੁਪਏ ਕੱਢ ਲਏ। ਇਸ ਤੋਂ ਬਾਅਦ ਉਸ ਦੇ ਫੋਨ ਰਾਹੀਂ ਉਸ ਦੇ ਛੋਟੇ ਭਰਾ ਨੂੰ ਫੋਨ ਕਰ ਕੇ ਪੈਸਿਆਂ ਦੀ ਮੰਗ ਕੀਤੀ। 50 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਮੰਗਵਾਏ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਸੰਨੀ ਨੂੰ ਨੰਗਾ ਕਰ ਕੇ ਕਮਰੇ ’ਚੋਂ ਬਾਹਰ ਕੱਢ ਦਿੱਤਾ। ਸੰਨੀ ਨੇ ਉਥੋਂ ਭੱਜ ਕੇ ਆਪਣੇ ਦੋਸਤ ਤੇ ਪਰਿਵਾਰ ਨੂੰ ਸੂਚਿਤ ਕੀਤਾ। ਉਸ ਦਾ ਦਾਅਵਾ ਹੈ ਕਿ ਮੁਲਜ਼ਮ ਰੇਲਵੇ ਕਾਲੋਨੀ ਦੇ ਕੁਆਟਰਾਂ ’ਚ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਤੇ ਇਸੇ ਆੜ ’ਚ ਉਨ੍ਹਾਂ ਨੇ ਸਾਰੀ ਘਟਨਾ ਅੰਜਾਮ ਦਿੱਤੀ ਗਈ। ਦੇਰ ਸ਼ਾਮ ਉਸਦੇ ਪਰਿਵਾਰ ਨੇ ਉਸ ਨੂੰ ਸਿਵਲ ਹਸਪਤਾਲ ਵਿਚ ਲਿਜਾ ਕੇ ਮੈਡੀਕਲ ਜਾਂਚ ਕਰਵਾਈ, ਜਿੱਥੇ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ 5 ਦੀ ਪੁਲਿਸ ਨੂੰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।

Related Articles

Leave a Reply

Your email address will not be published. Required fields are marked *

Back to top button