
ਅੰਮ੍ਰਿਤਸਰ, 6 ਅਗਸਤ : ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਸੁਰੂ ਕੀਤੇ ਗਏ ‘ਯੁੱਧ ਨਸ਼ਿਆਂ ਵਿਰੱਧ’ ਨੂੰ ਅੱਗੇ ਤੋਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਸਮੱਗਲਰ ਰਾਮ ਸਿੰਘ ਉਰਫ ਲੱਡੂ ਪੁੱਤਰ ਜੋਗਿੰਦਰ ਸਿੰਘ ਵਾਸੀ ਆਬਾਦੀ ਨਾਨਕਪੁਰਾ, ਗੁਰੂ ਕੀ ਵਡਾਲੀ, ਅੰਮ੍ਰਿਤਸਰ ਖਿਲਾਫ਼ ਐੱਨਡੀਪੀਐੱਸ ਐਕਟ ਅਧੀਨ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ 3 ਕੇਸ ਦਰਜ ਹਨ, ਦਾ ਘਰ ਮਸ਼ੀਨਾਂ ਦੀ ਮਦਦ ਨਾਲ ਮਲੀਆਮੇਟ ਕਰ ਦਿੱਤਾ। ਇਸ ਮੌਕੇ ਰਾਮ ਸਿੰਘ ਫਿਲਹਾਲ ਭਗੌੜਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ’ਚ ਨਸ਼ਾ ਸਮੱਗਲਰਾਂ ਦੀਆਂ 10 ਜਾਇਦਾਦਾਂ ਢਾਹੀਆਂ ਜਾ ਚੁੱਕੀਆਂ ਹਨ। ਇਸ ਮੌਕੇ ਵਿਸ਼ੇਸ ਤੌਰ ’ਤੇ ਪਹੁੰਚੇ ਪੁਲਿਸ ਦੇ ਡਿਪਟੀ ਕਮਸ਼ਿਨਰ (ਡੀਸੀਪੀ) ਆਲਮ ਵਿਜੈ ਸਿੰਘ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਭਰੇ ਲਹਿਜ਼ੇ ’ਚ ਸਪੱਸ਼ਟ ਸੰਦੇਸ਼ ਦਿੱਤਾ ਜੋ ਲੋਕ ਸਾਡੇ ਨੌਜਵਾਨਾਂ ਦੀ ਜ਼ਿੰਦਗੀ ’ਚ ਨਸ਼ਿਆਂ ਰੂਪੀ ਜ਼ਹਿਰ ਘੋਲ ਰਹੇ ਹਨ, ਉਨ੍ਹਾਂ ’ਤੇ ਕੋਈ ਰਹਿਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਯੁੱਧ ਨਸ਼ੇ ਦੀ ਸਮਾਪਤੀ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਤੇ ਜੋ ਵੀ ਇਸ ਧੰਦੇ ’ਚ ਸ਼ਾਮਲ ਹੈ, ਉਸ ਨੂੰ ਜੇਲ੍ਹ ਵਿਚ ਸੁੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਸ਼ੇ ਦੇ ਰੋਗੀਆਂ ਦਾ ਇਲਾਜ ਵੀ ਪੁਲਿਸ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਨਸ਼ਾ ਵਿਰੋਧੀ ਮੁਹਿੰਮ ’ਤੇ ਨਜ਼ਰ ਰੱਖ ਰਹੇ ਹਨ ਤੇ ਪੁਲਿਸ ਰੋਜ਼ਾਨਾ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਅਸੀਂ ਜਾਣਕਾਰੀ ਦੇਣ ਵਾਲੇ ਦਾ ਨਾਂ ਬਿੁਲਕੁਲ ਗੁਪਤ ਰੱਖ ਕੇ ਅਜਿਹੀ ਕਾਰਵਾਈ ਕਰਾਂਗੇ ਕਿ ਨਸ਼ਾ ਤਸਕਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ। ਇਸ ਮੌਕੇ ਏਸੀਪੀ ਵੈਸਟ ਸ਼ਿਵਦਰਸ਼ਨ ਸਿੰਘ ਤੇ ਹੋਰ ਮੋਹਤਬਰ ਅਧਿਕਾਰੀ ਹਾਜ਼ਰ ਸਨ।



