Punjab

ਸਹੁਰੇ ਪਰਿਵਾਰ ਤੋਂ ਦੁਖੀ 6 ਮਹੀਨੇ ਦੀ ਨਵਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪਤੀ ਤੇ ਚਾਚੇ ਸਹੁਰੇ ਵਿਰੁੱਧ ਕੇਸ ਦਰਜ

ਕੈਰੋਂ, 4 ਅਗਸਤ : ਥਾਣਾ ਸਿਟੀ ਪੱਟੀ ਅਧੀਨ ਪੈਂਦੇ ਪਿੰਡ ਸਰਾਲੀ ਮੰਡ ਵਿਖੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨਵ ਵਿਆਹੀ ਲੜਕੀ ਵੱਲੋਂ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਨਵਨੀਤ ਕੌਰ ਪੁੱਤਰੀ ਮਹਿੰਗਾ ਸਿੰਘ ਵਾਸੀ ਕੋਟ ਦਸੰਧੀ ਮੱਲ, ਝਬਾਲ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮਹਿੰਗਾ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਕੋਟ ਦਸੰਧੀ ਮੱਲ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾ ਉਸ ਦੀ ਲੜਕੀ ਦਾ ਵਿਆਹ ਹਰਵਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਸਰਾਲੀ ਮੰਡ ਨਾਲ ਹੋਇਆ ਸੀ ਅਤੇ 1 ਅਗਸਤ ਨੂੰ ਦਿਲਬਾਗ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਰਾਲੀ ਮੰਡ ਦਾ ਫ਼ੋਨ ਆਇਆ ਕਿ ਨਵਨੀਤ ਕੌਰ ਤੇ ਹਰਵਿੰਦਰ ਸਿੰਘ ਆਪਸ ਵਿਚ ਲੜਦੇ ਝਗੜਦੇ ਰਹਿੰਦੇ ਹਨ। 2 ਅਗਸਤ ਨੂੰ ਲੜਕੀ ਨਵਨੀਤ ਕੌਰ ਦਾ ਫ਼ੋਨ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਚਾਚਾ ਸਹੁਰਾ ਦਿਲਬਾਗ ਸਿੰਘ ਤੇ ਮੇਰਾ ਪਤੀ ਹਰਵਿੰਦਰ ਸਿੰਘ ਕੁੱਟਮਾਰ ਕਰਦੇ ਹਨ, ਤੁਸੀਂ ਆ ਕੇ ਮੈਨੂੰ ਲੈ ਜਾਓ। ਉਸ ਨੂੰ ਪਤਾ ਲੱਗਾ ਕਿ ਲੜਕੀ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਹੇਜ ਖਾਤਰ ਤੰਗ ਪ੍ਰੇਸ਼ਾਨ ਕਰਦੇ ਸਨ। ਅਜੇ ਉਸਨੇ ਨਵਨੀਤ ਕੌਰ ਨੂੰ ਲਿਆਉਣ ਲਈ ਜਾਣਾ ਸੀ ਕਿ ਨਵਨੀਤ ਕੌਰ ਦੇ ਸਹੁਰੇ ਪਰਿਵਾਰ ਵਲੋਂ ਫ਼ੋਨ ਆਇਆ ਕਿ ਉਸਦੀ ਲੜਕੀ ਦੀ ਫਾਹਾ ਲੈਣ ਨਾਲ ਮੌਤ ਹੋ ਗਈ ਹੈ। ਉਹ ਆਪਣੇ ਚਾਚੇ ਦੇ ਲੜਕੇ ਗੁਰਮੀਤ ਸਿੰਘ ਸਾਬਕਾ ਥਾਣੇਦਾਰ ਨੂੰ ਨਾਲ ਲੈ ਕੇ ਸਰਾਲੀ ਮੰਡ ਪੁੱਜਾ ਤਾਂ ਨਵਨੀਤ ਕੌਰ ਦੀ ਲਾਸ਼ ਕਮਰੇ ਵਿਚ ਬੈੱਡ ‘ਤੇ ਪਈ ਸੀ। ਉਸ ਦੇ ਸਰੀਰ ‘ਤੇ ਗੁੱਝੀਆਂ ਸੱਟਾਂ ਦੇ ਨਿਸ਼ਾਨ ਵੀ ਸਨ। ਉਸ ਨੇ ਕਿਹਾ ਕਿ ਨਵਨੀਤ ਕੌਰ ਦੇ ਪਤੀ ਹਰਵਿੰਦਰ ਸਿੰਘ ਅਤੇ ਉਸ ਦੇ ਚਾਚੇ ਸਹੁਰੇ ਦਿਲਬਾਗ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਰਾਲੀ ਮੰਡ ਨੇ ਉਸਦੀ ਲੜਕੀ ਨੂੰ ਮਾਰ ਦਿੱਤਾ ਹੈ। ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਕਵਲਜੀਤ ਰਾਏ ਨੇ ਕਿਹਾ ਕਿ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਕਿਹਾ ਕਿ ਮੁੱਦਈ ਦੇ ਬਿਆਨਾਂ ‘ਤੇ ਹਰਵਿੰਦਰ ਸਿੰਘ ਤੇ ਉਸ ਦੇ ਚਾਚੇ ਦਿਲਬਾਗ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button