
ਮਖੂ, 3 ਅਗਸਤ : ਹਰੀਕੇ ਹੈੱਡ ਵਰਕਸ ’ਤੇ ਵੱਧ ਜਮਾਂ ਹੋਏ ਪਾਣੀ ਨੂੰ ਲਹਿੰਦੇ ਪਾਸੇ ਕਢਵਾਉਣ ਦੇ ਸਬੰਧ ਵਿਚ ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ’ਚ ਹਰੀਕੇ ਹੈੱਡ ਵਰਕਸ ’ਤੇ ਸ਼ਾਂਤਮਈ ਧਰਨਾ ਲਗਾ ਕੇ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ। ਧਰਨੇ ’ਤੇ ਬੈਠੇ ਹੜ੍ਹ ਪ੍ਰਭਾਵਿਤ ਕਿਸਾਨਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਜੋ ਹਰੀਕੇ ਹੈੱਡ ਵਰਕਰ ’ਤੇ ਵਾਧੂ ਪਾਣੀ ਜਮਾਂ ਕੀਤਾ ਹੋਇਆ ਹੈ। ਉਸ ਨੂੰ ਨਾਲ ਦੀ ਨਾਲ ਲਹਿੰਦੇ ਦੇ ਪਾਸੇ ਕੱਢ ਦਿੱਤਾ ਜਾਵੇ ਤਾਂ ਜੋ ਕਿਸਾਨ ਦੋਨੋਂ ਤਰਫ਼ ਹੜ੍ਹਾਂ ਦੀ ਮਾਰ ਤੋਂ ਬਚ ਸਕਣ। ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨ ਸਵੇਰ ਦੇ ਸ਼ਾਂਤਮਈ ਤਰੀਕੇ ਨਾਲ ਧਰਨੇ ’ਤੇ ਬੈਠੇ ਹਨ। ਪਰ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਉਨ੍ਹਾਂ ਕੋਲ ਨਹੀਂ ਪਹੁੰਚੇ। ਇਸ ਲਈ ਹਰੀਕੇ ਤਰਫ ਵਾਲਾ ਰੋਡ ਬੰਦ ਕਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਆਗੂਆਂ ਦੇ ਮਸ਼ਵਰੇ ਤੋਂ ਬਾਅਦ ਹੋਰ ਵੱਡਾ ਸੰਘਰਸ਼ ਕਰਨ ਦਾ ਐਲਾਨ ਕੀਤਾ ਜਾਵੇਗਾ। ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਹਮਾਇਤ ਤੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਹਰੀਕੇ ਹੈੱਡ ਵਰਕਸ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਉਣ ਕਿ ਜੋ ਵੀ ਵਾਧੂ ਪਾਣੀ ਆਉਂਦਾ ਹੈ ਉਸਨੂੰ ਹਰੀਕੇ ਹੈੱਡ ਵਰਕਸ ਤੇ ਜਮਾਂ ਨਹੀਂ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਅੱਗੇ ਵਾਧੂ ਪਾਣੀ ਛੱਡ ਦਿੱਤਾ ਜਾਵੇਗਾ। ਇਸ ਨਾਲ ਦੋਵੇਂ ਪਾਸੇ ਦਾ ਫਾਇਦਾ ਹੋਵੇਗਾ। ਇਸ ਮੌਕੇ ਗੁਰਦੀਪ ਸਿੰਘ ਸੰਧੂ ਡੀਐੱਸਪੀ ਜ਼ੀਰਾ, ਮਲੂਕ ਸਿੰਘ ਨਾਇਬ ਤਹਿਸੀਲਦਾਰ ਮਖੂ ਅਤੇ ਜਗਦੀਪ ਸਿੰਘ ਖਹਿਰਾ ਥਾਣਾ ਮੁਖੀ ਮਖੂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਕੱਲ ਨੂੰ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।



