
ਜ਼ੀਰਾ, , 3 ਅਗਸਤ : ਜ਼ੀਰਾ ਨੇੜਲੇ ਪਿੰਡ ਬੋਤੀਆਂ ਵਾਲਾ ਦੀ ਕੈਨੇਡਾ ਵਿਚ ਪੜ੍ਹਾਈ ਕਰ ਰਹੀ ਇਕ ਲੜਕੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਦਰਦਨਾਕ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਸੈਕਟਰੀ ਸਰਤਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੀ ਬੇਟੀ ਮੇਨਬੀਰ ਕੌਰ ਮਾਰਚ 2023 ਵਿਚ ਕੈਨੇਡਾ ਦੇ ਸ਼ਹਿਰ ਬਰਮਿੰਟਨ ਵਿਚ ਪੜ੍ਹਾਈ ਕਰਨ ਵਾਸਤੇ ਗਈ ਸੀ ਅਤੇ ਹੁਣ ਪੜ੍ਹਾਈ ਖਤਮ ਹੋਣ ‘ਤੇ ਅੱਗੋਂ ਉਸਨੇ ਵਰਕ ਪਰਮਿਟ ਅਪਲਾਈ ਕਰਨਾ ਸੀ ਕਿ ਇਸ ਦੌਰਾਨ ਇਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੇਨਬੀਰ ਕੌਰ ਦੇ ਸਾਰੇ ਅੰਗ ਲੋੜਵੰਦਾਂ ਨੂੰ ਦਾਨ ਕੀਤੇ ਗਏ ਹਨ ਅਤੇ ਉਸ ਦਾ ਅੰਤਿਮ ਸੰਸਕਾਰ ਬਰਮਿੰਟਨ ਵਿਚ ਅੱਜ ਕਰ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਆਪ ਆਗੂ ਬਲਰਾਜ ਸਿੰਘ ਬੋਤੀਆਂ ਵਾਲਾ, ਅਵਤਾਰ ਸਿੰਘ ਜ਼ੀਰਾ ਆਗੂ ਭਾਰਤੀ ਜਨਤਾ ਪਾਰਟੀ, ਜਸਵਿੰਦਰ ਸਿੰਘ ਸ਼ਹੀਦ ਮੰਡਲ ਪ੍ਰਧਾਨ, ਵਿਕੀ ਸੂਦ ਸ਼ਹਿਰੀ ਮੰਡਲ ਪ੍ਰਧਾਨ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।



