ਮਾਫੀ ਮੰਗਣ ਬਹਾਨੇ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕੀਤੀ ਹੱਤਿਆ
ਇਸ ਕਾਰਨ ਪੰਜ ਦਿਨ ਪਹਿਲਾਂ ਹੋਇਆ ਸੀ ਝਗੜਾ

ਲੁਧਿਆਣਾ, 2 ਅਗਸਤ : ਹੈਬੋਵਾਲ ਮੇਨ ਰੋਡ ‘ਤੇ ਵੀਰਵਾਰ ਰਾਤ ਅੱਧਾ ਦਰਜਨ ਬਦਮਾਸ਼ਾਂ ਨੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਅੱਧਮਰਿਆ ਕਰ ਦਿੱਤਾ। ਲੋਕਾਂ ਸਾਹਮਣੇ ਇਹ ਸਭ ਕੁਝ ਹੁੰਦਾ ਰਿਹਾ, ਪਰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਇਕ ਸੁਰੱਖਿਆ ਗਾਰਡ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪੁਲਿਸ ਸਰਕਾਰੀ ਗੱਡੀ ’ਚ ਰਵੀ ਵਰਮਾ (25) ਨੂੰ ਚੁੱਕ ਕੇ ਹਸਪਤਾਲ ਲੈ ਗਈ। ਪਰ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਮਰਹੂਮ ਦੇ ਪਰਿਵਾਰਕ ਬਿਆਨਾਂ ’ਤੇ ਥਾਣਾ ਹੈਬੋਵਾਲ ਦੀ ਪੁਲਿਸ ਨੇ ਮੁਲਜ਼ਮ ਮਨੀਸ਼ ਤੇ ਉਸਦੇ ਸਾਥੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮਾਂ ਦੀ ਤਲਾਸ਼ ’ਚ ਪੁਲਿਸ ਜੁਟੀ ਹੋਈ ਹਨ। ਸੂਤਰਾਂ ਮੁਤਾਬਕ ਪੁਲਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ। ਰਵੀ ਦੀ ਪਤਨੀ ਸੁਮਨ ਨੇ ਦੱਸਿਆ ਕਿ ਉਹ ਦਾ ਪਤੀ ਮੋਮੋਜ਼ ਦੀ ਰੇਹੜੀ ਲਾਉਂਦਾ ਸੀ। ਉਨ੍ਹਾਂ ਦੇ ਪਰਿਵਾਰ ’ਚ ਪੰਜ ਭੈਣ-ਭਰਾ ਹਨ, ਰਵੀ ਸਭ ਤੋਂ ਛੋਟਾ ਸੀ। ਉਸ ਦੀ ਵਿਆਹ ਇਕ ਸਾਲ ਪਹਿਲਾਂ ਰਵੀ ਨਾਲ ਹੋਇਆ ਸੀ। ਜਿਸ ਤੋਂ ਬਾਅਦ ਪੰਜ ਮਹੀਨੇ ਪਹਿਲਾਂ ਉਹ ਸਨਸਿਟੀ ਕਾਲੋਨੀ ’ਚ ਇਕ ਲੇਬਰ ਕੁਆਰਟਰ ’ਚ ਰਹਿਣ ਲੱਗੇ ਸਨ। ਮੁੱਖ ਮੁਲਜ਼ਮ ਮਨੀਸ਼ ਤੇ ਉਸਦੀ ਪਤਨੀ ਵੀ ਉਸੇ ਲੇਬਰ ਕੁਆਰਟਰ ’ਚ ਰਹਿ ਰਹੇ ਸਨ। ਲੇਬਰ ਕੁਆਰਟਰ ਦੇ ਮਕਾਨ ਮਾਲਕ ਨੇ ਰਵੀ ਨੂੰ ਸਾਰੇ ਕਿਰਾਏਦਾਰਾਂ ਤੋਂ ਕਿਰਾਇਆ ਵਸੂਲ ਕਰਨ ਲਈ ਕਿਹਾ ਸੀ। ਉਸੇ ਲੇਬਰ ਕੁਆਰਟਰ ’ਚ ਰਹਿਣ ਵਾਲੇ ਮਨੀਸ਼ ਨੇ ਦੋ ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਸੀ। 27 ਜੁਲਾਈ ਨੂੰ ਰਵੀ ਤੇ ਮਨੀਸ਼ ਦੇ ਵਿਚਕਾਰ ਕਿਰਾਇਆ ਮੰਗਣ ‘ਤੇ ਬਹਿਸ ਹੋਈ। ਇਸ ਤੋਂ ਬਾਅਦ ਮਨੀਸ਼ ਨੇ ਰਵੀ ਨਾਲ ਮਾਰਕੁੱਟ ਵੀ ਕੀਤੀ। ਵੀਰਵਾਰ ਨੂੰ ਮਨੀਸ਼ ਆਪਣੀ ਗਰਭਵਤੀ ਪਤਨੀ ਨਾਲ ਕਿਰਾਏ ਦਾ ਕਮਰਾ ਖਾਲੀ ਕਰ ਕੇ ਆਪਣੇ ਸਹੁਰੇ ਘਰ ਚਲਾ ਗਿਆ, ਜੋ ਉਸੇ ਇਲਾਕੇ ’ਚ ਰਹਿੰਦੇ ਹਨ। ਰਾਤ ਕਰੀਬ 10:15 ਵਜੇ ਰਵੀ ਕੰਮ ਨਿਬੇੜ ਕੇ ਘਰ ਆਇਆ ਤਾਂ ਉਸ ਨੂੰ ਮਨੀਸ਼ ਦਾ ਫੋਨ ਆਇਆ। ਮਨੀਸ਼ ਨੇ ਕਿਹਾ ਕਿ ਉਹ ਆਪਣੇ ਦੁਰਵਿਵਹਾਰ ਲਈ ਮਾਫੀ ਮੰਗਣਾ ਚਾਹੁੰਦਾ ਹੈ ਅਤੇ ਉਸ ਨੂੰ ਮਿਲਣਾ ਚਾਹੁੰਦਾ ਹੈ। ਰਵੀ ਨੇ ਉਸ ਨੂੰ ਸਵੇਰੇ ਮਿਲਣ ਲਈ ਕਿਹਾ, ਪਰ ਮਨੀਸ਼ ਨੇ ਜ਼ਿੱਦ ਕੀਤੀ ਅਤੇ ਰਵੀ ਮਿਲਣ ਚਲਾ ਗਿਆ। ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਮਨੀਸ਼ ਤੇ ਉਸਦੇ ਸਾਥੀਆਂ ਨੇ ਰਵੀ ਦੀ ਹੱਤਿਆ ਕਰ ਦਿੱਤੀ।



