Punjab

ਗੁਰਦੁਆਰੇ ਦੇ ਮੁਲਾਜ਼ਮ ਨੇ ਖੇਡੀ ਚਾਲ ! ਮਾਂ ਨਾਲ ਗੱਲ ਕਰਨ ਬਹਾਨੇ ਸੇਵਾਮੁਕਤ ਬਿਜਲੀ ਮੁਲਾਜ਼ਮ ਦੇ ਖਾਤੇ ‘ਚੋਂ ਕਢਵਾਏ ਲੱਖ ਰੁਪਏ

ਸ੍ਰੀ ਮੁਕਤਸਰ ਸਾਹਿਬ, 1 ਅਗਸਤ : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਇਕ ਮੁਲਾਜ਼ਮ ਨੇ ਬਿਜਲੀ ਬੋਰਡ ਦੇ ਸੇਵਾਮੁਕਤ ਮੁਲਾਜ਼ਮ ਦੇ ਖਾਤੇ ‘ਚੋਂ ਆਨਲਾਈਨ ਕਰੀਬ ਇਕ ਲੱਖ ਰੁਪਏ ਕੱਢਵਾ ਲਏ। ਮੁਲਜ਼ਮ ਪੀੜਤ ਤੋਂ ਇਹ ਕਹਿ ਕੇ ਮੋਬਾਈਲ ਲੈ ਲੈਂਦਾ ਸੀ ਕਿ ਉਸਨੇ ਆਪਣੀ ਬਿਮਾਰ ਮਾਂ ਨਾਲ ਗੱਲ ਕਰਨੀ ਹੈ, ਪਰ ਇਸ ਦੌਰਾਨ ਉਹ ਥੋੜ੍ਹੇ-ਥੋੜ੍ਹੇ ਕਰ ਕੇ ਆਨਲਾਈਨ ਪੈਸੇ ਆਪਣੇ ਖਾਤੇ ‘ਚ ਪਾਉਂਦਾ ਰਿਹਾ। ਪੀੜਤ ਨੇ ਐਸਜੀਪੀਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ। ਸੇਵਾਮੁਕਤ ਮੁਲਾਜ਼ਮ ਹਰਭਜਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਮੁਲਾਜ਼ਮ ਹਰਵਿੰਦਰ ਸਿੰਘ ਉਰਫ਼ ਰਾਜਾ, ਜੋੜਾ ਘਰ ਦੇ ਗੇਟ ਨੰਬਰ ਇਕ ‘ਤੇ ਡਿਊਟੀ ਦਿੰਦਾ ਹੈ। ਮੈਂ ਵੀ ਅਕਸਰ ਗੁਰਦੁਆਰਾ ਸਾਹਿਬ ਜਾਂਦਾ ਸੀ ਤੇ ਹਰਵਿੰਦਰ ਨਾਲ ਮੇਰੀ ਜਾਣ-ਪਛਾਣ ਹੋ ਗਈ ਜਿਸ ਕਾਰਨ ਮੈਂ ਵੀ ਜੁੱਤਿਆਂ ਦੀ ਸੇਵਾ ਕਰਨ ਲੱਗਾ। ਹਰਵਿੰਦਰ ਅਕਸਰ ਉਸਦਾ ਮੋਬਾਈਲ ਮੰਗਦਾ ਤੇ ਕਹਿੰਦਾ ਸੀ ਕਿ ਉਸਦੀ ਮਾਂ ਦੀ ਤਬੀਅਤ ਖਰਾਬ ਹੈ ਤੇ ਉਹ ਉਸ ਨਾਲ ਗੱਲ ਕਰਨਾ ਚਾਹੁੰਦਾ ਹੈ। ਹਰਭਜਨ ਸਿੰਘ ਨੇ ਦੱਸਿਆ ਕਿ ਉਸਨੂੰ ਨਹੀਂ ਪਤਾ ਸੀ ਕਿ ਹਰਵਿੰਦਰ ਨੇ ਵਾਰ-ਵਾਰ ਮੋਬਾਈਲ ਮੰਗ ਕੇ ਕਰੀਬ ਦੋ ਮਹੀਨੇ ‘ਚ ਉਸਦੇ ਬੈਂਕ ਖਾਤੇ ਤੋਂ ਆਨਲਾਈਨ ਇਕ ਲੱਖ ਰੁਪਏ ਕੱਢ ਲਏ ਹਨ। ਉਸਦੇ ਖਾਤੇ ‘ਚ ਉਸਦੀ ਧੀ ਦੇ ਪੈਸੇ ਜਮ੍ਹਾਂ ਸਨ, ਜੋ ਤਲਾਕਸ਼ੁਦਾ ਹੈ। ਉਸਨੇ ਐਸਜੀਪੀਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕੀਤੀ ਹੈ।ਇਸ ਸਬੰਧ ਵਿਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 10 ਜੁਲਾਈ ਨੂੰ ਸ਼ਿਕਾਇਤ ਮਿਲੀ ਸੀ। ਉਨ੍ਹਾਂ ਉਕਤ ਮੁਲਾਜ਼ਮ ਤੇ ਉਸਦੀ ਮਾਂ ਨੂੰ ਬੁਲਾ ਕੇ ਜਾਣਕਾਰੀ ਮੰਗੀ ਤਾਂ ਉਸਨੇ ਹਰਭਜਨ ਦੇ ਪੈਸੇ ਵਾਪਸ ਕਰਨ ਦੀ ਗੱਲ ਸਵੀਕਾਰ ਕੀਤੀ ਅਤੇ ਕਿਹਾ ਕਿ ਉਹ ਜਲਦੀ ਹੀ ਪੈਸੇ ਵਾਪਸ ਕਰ ਦੇਵੇਗਾ ਪਰ 12 ਜੁਲਾਈ ਤੋਂ ਬਾਅਦ ਉਹ ਡਿਊਟੀ ਤੋਂ ਗਾਇਬ ਹੋ ਗਿਆ। ਇਸ ‘ਤੇ ਉਨ੍ਹਾਂ ਤੁਰੰਤ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਹ 22 ਜੁਲਾਈ ਨੂੰ ਮੁੜ ਦਿਖਾਈ ਦਿੱਤਾ ਤੇ ਬਿਮਾਰ ਹੋਣ ਦੀ ਗੱਲ ਕਰ ਕੇ ਛੁੱਟੀ ‘ਤੇ ਚਲਾ ਗਿਆ। ਵਿਭਾਗੀ ਕਾਰਵਾਈ ਲਈ ਐਸਜੀਪੀਸੀ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਨੇ ਕਿਹਾ ਕਿ ਉਸ ਨਾਲ ਹੋਈ ਠੱਗੀ ਨੂੰ ਲਗਪਗ 20 ਤੋਂ 25 ਦਿਨ ਹੋ ਗਏ ਹਨ, ਪਰ ਨਾ ਤਾਂ ਐਸਜੀਪੀਸੀ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ। ਉਸਨੇ ਐਸਜੀਪੀਸੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button