Punjab

ਚਾਰਾ ਕੱਟਣ ਵਾਲੀ ਮਸ਼ੀਨ ਤੋਂ ਕਰੰਟ ਲੱਗਣ ਕਾਰਨ ਦੋ ਨੌਜਵਾਨ ਦੋਸਤਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਦੀਨਾਨਗਰ, 31 ਜੁਲਾਈ : ਵਿਧਾਨਸਭਾ ਹਲਕਾ ਦੀਨਾਨਗਰ ਦੇ ਪਿੰਡ ਦਬੂੜੀ ਵਿਖੇ ਬੀਤੀ ਸ਼ਾਮ ਵਾਪਰੀ ਇਕ ਦੁਖਦਾਈ ਘਟਨਾ ਵਿੱਚ ਪਸ਼ੂਆਂ ਲਈ ਪੱਠੇ ਕੁਤਰਦੇ ਸਮੇਂ ਬਿਜਲੀ ਦੇ ਟੋਕੇ ਵਿੱਚ ਅਚਾਨਕ ਕਰੰਟ ਆਉਣ ਨਾਲ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਹੋਰ ਗੰਭੀਰ ਜਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਦੋਵੇਂ ਦੋਸਤਾਂ ਦੇ ਰੂਪ ਵਿੱਚ ਜਸਵਿੰਦਰ ਸਿੰਘ (30) ਪੁੱਤਰ ਕਸ਼ਮੀਰ ਸਿੰਘ ਅਤੇ ਗਗਨ ਸਿੰਘ (26) ਪੁੱਤਰ ਸੁੱਚਾ ਸਿੰਘ ਵਜੋਂ ਹੋਈ ਹੈ। ਜਦੋਂਕਿ ਹਾਦਸੇ ਵਿੱਚ ਮ੍ਰਿਤਕ ਗਗਨ ਸਿੰਘ ਦਾ ਭਰਾ ਅਰਜਨ ਸਿੰਘ ਵੀ ਗੰਭੀਰ ਜਖਮੀ ਹੋ ਗਿਆ। ਹਾਦਸੇ ਵਿੱਚ ਇਕ ਹੋਰ ਵਿਅਕਤੀ ਨੂੰ ਵੀ ਕਰੰਟ ਲੱਗਾ ਪਰ ਉਸਦਾ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਪਿੰਡ ਦੇ ਨੰਬਰਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ 7 ਵਜੇ ਦੇ ਕਰੀਬ ਗਗਨ ਸਿੰਘ ਅਤੇ ਅਰਜਨ ਸਿੰਘ ਦੋਵੇਂ ਭਰਾ ਅਪਣੀ ਹਵੇਲੀ ਚ ਲੱਗੇ ਬਿਜਲੀ ਵਾਲੇ ਟੋਕੇ ਉੱਤੇ ਪਸ਼ੂਆਂ ਲਈ ਪੱਠੇ ਕੁਤਰ ਰਹੇ ਹਨ। ਇਸੇ ਦੌਰਾਨ ਅਚਾਨਕ ਟੋਕੇ ਵਿੱਚ ਕਰੰਟ ਆ ਗਿਆ ਅਤੇ ਦੋਵੇਂ ਭਰਾ ਕਰੰਟ ਦੀ ਲਪੇਟ ਵਿੱਚ ਆ ਗਏ। ਨੇੜੇ ਖੜਾ ਉਹਨਾਂ ਦਾ ਦੋਸਤ ਜਸਵਿੰਦਰ ਸਿੰਘ ਜਦੋਂ ਉਹਨਾਂ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਹ ਵੀ ਬਿਜਲੀ ਦੇ ਕਰੰਟ ਦੀ ਲਪੇਟ ਵਿੱਚ ਆ ਗਿਆ। ਪਿੰਡ ਦੇ ਲੋਕਾਂ ਨੂੰ ਜਦੋਂ ਹਾਦਸੇ ਦਾ ਪਤਾ ਲੱਗਾ ਤਾਂ ਉਹਨਾਂ ਨੇ ਬਿਜਲੀ ਸਪਲਾਈ ਕੱਟ ਕੇ ਤਿੰਨਾਂ ਵਿਅਕਤੀਆਂ ਨੂੰ ਤੁੰਰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਭੇਜਿਆ ਪਰ ਹਸਪਤਾਲ ਪੁੱਜਣ ਤੇ ਡਾਕਟਰਾਂ ਨੇ ਜਸਵਿੰਦਰ ਸਿੰਘ ਅਤੇ ਗਗਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਅਰਜਨ ਸਿੰਘ ਦੇ ਗੰਭੀਰ ਜਖਮੀ ਹੋਣ ਕਾਰਨ ਉਸਨੂੰ ਇਲਾਜ ਲਈ ਅਮ੍ਰਿਤਸਰ ਭੇਜ ਦਿੱਤਾ ਗਿਆ ਹੈ। ਪਿੰਡ ਵਿੱਚ ਦੋ ਨੌਜਵਾਨਾਂ ਦੀਆਂ ਇਕੱਠੀਆਂ ਮੌਤਾਂ ਹੋਣ ਕਾਰਨ ਬੇਹੱਦ ਗਮਗੀਨ ਮਹੌਲ ਵਿੱਚ ਅੱਜ ਦੁਪਹਿਰ ਦੋਵਾਂ ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button