Punjab

ਰਾਵੀ ’ਚ ਪਾਣੀ ਵਧਣ ਕਰਕੇ ਮਕੌੜਾ ਪੱਤਣ ’ਤੇ ਕਿਸ਼ਤੀ ਹੋਈ ਬੰਦ, ਸੱਤ ਪਿੰਡ ਮੁੜ ਤੋਂ ਬਣੇ ਟਾਪੂ

ਗੁਰਦਾਸਪੁਰ, 31 ਜੁਲਾਈ : ਪਹਾੜਾਂ ’ਚ ਬਾਰਿਸ਼ ਕਾਰਨ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਮਕੌੜਾ ਪੱਤਣ ’ਤੇ ਰਾਵੀ ਪਾਰ ਦੇ ਪਿੰਡਾਂ ਨੂੰ ਦੇਸ਼ ਨਾਲ ਜੋੜਨ ਵਾਲੀ ਇੱਕੋ ਇਕ ਕਿਸ਼ਤੀ ਸੇਵਾ ਵੀ ਬੁੱਧਵਾਰ ਸਵੇਰੇ ਬੰਦ ਹੋ ਗਈ। ਆਖ਼ਰੀ ਵਾਰ ਇਹ ਕਿਸ਼ਥੀ ਮੰਗਲਵਾਰ ਸ਼ਾਮ 6 ਵਜੇ ਚੱਲੀ ਸੀ। ਇਸ ਉਪਰੰਤ ਦਰਿਆ ਪਾਰ ਕਰਨ ਦਾ ਕੋਈ ਵੀ ਸਾਧਨ ਉਪਲੱਬਧ ਨਹੀਂ ਰਿਹਾ। ਇਸ ਕਾਰਨ ਰਾਵੀ ਪਾਰ ਦੇ ਸੱਤ ਪਿੰਡ ਮੁੜ ਟਾਪੂ ਬਣ ਗਏ ਹਨ। ਕਿਸ਼ਤੀ ਚਲਾਉਣ ਵਾਲੇ ਮਲਾਹ ਨਛੱਤਰ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਕਾਫੀ ਵਧਣ ਕਰਕੇ ਕਿਸ਼ਤੀ ਚਲਾਉਣ ਦਾ ਜ਼ੋਖਮ ਨਹੀਂ ਲੈ ਸਕਦੇ ਸੀ। ਉਨ੍ਹਾਂ ਦੱਸਿਆ ਕਿ ਉਮੀਦ ਹੈ ਕਿ ਸ਼ਾਮ ਤੋਂ ਪਹਿਲਾਂ ਪਾਣੀ ਦਾ ਪੱਧਰ ਕੁਝ ਹੇਠਾਂ ਆ ਜਾਵੇਗਾ ਜਿਸ ਉਪਰੰਤ ਉਹ ਦਰਿਆ ਤੇ ਆਰ-ਪਾਰ ਫਸੇ ਲੋਕਾਂ ਨੂੰ ਮੰਜ਼ਿਲ ਤੇ ਪਹੁੰਚਾਉਣ ਲਈ ਕਿਸ਼ਤੀ ਚਲਾਉਣਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਪਾਰ ਸਥਿਤ ਸੱਤ ਪਿੰਡਾਂ ਨੂੰ ਭਾਰਤ ਨਾਲ ਜੋੜਨ ਲਈ ਮਕੌੜਾ ਪੱਤਣ ‘ਤੇ ਇੱਕ ਪੈਂਟੂਨ ਪੁਲ ਬਣਾਇਆ ਜਾਂਦਾ ਹੈ। ਇਸਨੂੰ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਚੁੱਕਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਦਰਿਆ ਵਿੱਚ ਪਾਣੀ ਦੀ ਮਾਤਰਾ ਵਧਣ ਕਾਰਨ ਇਸ ਪੁਲ ਨੂੰ ਚੁੱਕ ਲਿਆ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਪਹਾੜੀ ਖੇਤਰਾਂ ਵਿੱਚ ਹੋ ਰਹੀ ਬਾਰਿਸ਼ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੀ ਵੱਧ ਗਿਆ ਹੈ। ਇਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਕੌੜਾ ਪੱਤਣ ‘ਤੇ ਲੋਕਾਂ ਨੂੰ ਦਰਿਆ ਪਾਰ ਕਰਨ ਵਿੱਚ ਮਦਦ ਕਰਨ ਲਈ ਲਗਾਈ ਗਈ ਕਿਸ਼ਤੀ ਨੂੰ ਵੀ ਰੋਕ ਦਿੱਤਾ ਗਿਆ ਹੈ। ਹੁਣ ਲੋਕਾਂ ਨੂੰ ਦਰਿਆ ਪਾਰ ਕਰਨ ਲਈ ਪਾਣੀ ਦਾ ਪੱਧਰ ਘੱਟ ਹੋਣ ਦੀ ਉਡੀਕ ਕਰਨੀ ਪਵੇਗੀ।

Related Articles

Leave a Reply

Your email address will not be published. Required fields are marked *

Back to top button