ਮੋਗਾ, 31 ਜੁਲਾਈ : ਪਿਆਰ ਦੀ ਰਸਮ ਨਿਭਾਉਣ ਵਾਲੇ ਇਕ ਨੌਜਵਾਨ ਜੋੜੇ ਲਈ ਲਵ ਮੈਰਿਜ ਕਰਨਾ ਮਹਿੰਗਾ ਪੈ ਗਿਆ। ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੀ ਹੈ, ਜਿੱਥੇ ਚਾਰ ਮਹੀਨੇ ਪਹਿਲਾਂ ਨੌਜਵਾਨ ਮੇਲਾ ਨਾਥ ਨੇ ਲੜਕੀ ਕਾਲਪਿਨਕ ਨਾਮ ਕਮਲ ਕੌਰ ਨੂੰ ਨਾਲ ਘਰੋਂ ਭੱਜ ਕੇ ਵਿਆਹ ਕਰ ਲਿਆ ਸੀ। ਦੋਵੇਂ ਬਾਲਿਗ ਸਨ, ਪਰ ਇਹ ਫੈਸਲਾ ਪਿੰਡ ਵਾਸੀਆਂ ਨੂੰ ਰਾਸ ਨਾ ਆਇਆ।
ਪਰਿਵਾਰ ਦੀ ਕੁੱਟਮਾਰ, ਘਰ ਨੂੰ ਤਾਲਾ ਅਤੇ ਪਿੰਡ ਤੋਂ ਬਾਹਰ ਕੱਢਿਆ
ਜਿਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਅਨੁਸਾਰ ਲੜਕੇ ਦੇ ਪਰਿਵਾਰ ਨੂੰ ਪਿੰਡ ਦੀਆਂ ਕੁਝ ਔਰਤਾਂ ਸਮੇਤ ਹੋਰ ਲੋਕਾਂ ਨੇ ਨਾ ਸਿਰਫ਼ ਕੁੱਟਿਆ, ਸਗੋਂ ਉਨ੍ਹਾਂ ਦੇ ਘਰ ਨੂੰ ਤਾਲਾ ਲਾ ਕੇ ਉਨ੍ਹਾਂ ਨੂੰ ਪਿੰਡ ਤੋਂ ਵੀ ਕੱਢ ਦਿੱਤਾ। ਲੜਕੇ ਦੀ ਮਾਂ ਜਸਵੀਰ ਕੌਰ ਨੂੰ ਕੁਝ ਔਰਤਾਂ ਵੱਲੋਂ ਵੱਲ਼ ਫੜ ਕੇ ਘਸੀਟਣ ਦੀ ਵੀ ਵੀਡੀਓ ਵਾਇਰਲ ਹੋਈ ਹੈ, ਜਿਸ ਨੇ ਇਸ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ।
ਸਰਪੰਚ ਪਤੀ ਤੇ ਲੱਗੇ ਆਰੋਪਜਸਵੀਰ ਕੌਰ ਨੇ ਆਰੋਪ ਲਾਇਆ ਕਿ ਔਰਤ ਸਰਪੰਚ ਦੇ ਪਤੀ ਸੁਖਚੈਨ ਸਿੰਘ ਅਤੇ ਲੜਕੀ ਦੇ ਪਰਿਵਾਰ ਨੇ ਉਨ੍ਹਾਂ ਨਾਲ ਬੇਹੱਦ ਬਦਸਲੂਕੀ ਕੀਤੀ ਹੈ। ਉਸ ਨੇ ਕਿਹਾ ਸਾਡੇ ਪੁੱਤਰ ਨੇ ਲਵ ਮੈਰਿਜ ਕੀਤੀ ਹੈ। ਅਸੀਂ ਨਹੀਂ ਜਾਣਦੇ ਕਿ ਉਹ ਅੱਜ ਕਿੱਥੇ ਹਨ। ਪਰ ਸਾਡੇ ਨਾਲ ਹੋਈ ਜ਼ਿਆਦਤੀ ਨੇ ਸਾਨੂੰ ਰਾਤਾਂ ਸੜਕ ਉੱਤੇ ਗੁਜਾਰਨ ਲਈ ਮਜਬੂਰ ਕਰ ਦਿੱਤਾ।
ਪਿੰਡ ਦੇ ਫੈਸਲੇ ਦਾ ਹਵਾਲਾ ਸਰਪੰਚ ਦੇ ਪਤੀ ਸੁਖਚੈਨ ਸਿੰਘ ਨੇ ਕਿਹਾ ਕਿ ਨਵੀਂ ਪੰਚਾਇਤ ਬਣਣ ਮਗਰੋਂ ਪਿੰਡ ਵਾਸੀਆਂ ਨੇ ਇਕ ਮਤ ਪਾਸ ਕੀਤਾ ਸੀ ਕਿ ਜੇ ਕੋਈ ਵੀ ਪਿੰਡ ਦਾ ਲੜਕਾ ਜਾਂ ਲੜਕੀ ਆਪਸ ਵਿਚ ਵਿਆਹ ਕਰਦੇ ਹਨ, ਤਾਂ ਉਹ ਪਿੰਡ ਵਿਚ ਨਹੀਂ ਰਹਿ ਸਕਣਗੇ। ਉਨ੍ਹਾਂ ਦੇ ਦਾਅਵੇ ਅਨੁਸਾਰ, ਲੜਕੇ ਦਾ ਪਰਿਵਾਰ ਇਸ ਨਿਯਮ ਦੀ ਉਲੰਘਣਾ ਕਰ ਰਿਹਾ ਸੀ।
ਪੁਲਿਸ ਦੀ ਨਰਮੀ ਅਤੇ ਉਲਝਣ ਮਾਮਲੇ ਵਿਚ ਪੁਲਿਸ ਦੀ ਭੂਮਿਕਾ ‘ਤੇ ਵੀ ਸਵਾਲ ਉਠ ਰਹੇ ਹਨ। ਥਾਣਾ ਸਦਰ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 21 ਤਾਰੀਖ ਨੂੰ ਸ਼ਿਕਾਇਤ ਆਈ ਸੀ, ਪਰ ਔਰਤ ਨੇ ਬਾਅਦ ਵਿਚ ਰਾਜੀਨਾਮਾ ਹੋਣ ਦੀ ਗੱਲ ਕਹੀ। ਹੁਣ ਉਹ ਇਸ ਤੋਂ ਇਨਕਾਰ ਕਰ ਰਹੀ ਹੈ। ਐੱਸਐੱਚਓ ਨੇ ਕਿਹਾ ਕਿ ਦੁਬਾਰਾ ਬਿਆਨ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਦੇ ਨਾਂ ਵੀਡੀਓ ਜਾਂ ਬਿਆਨਾਂ ਵਿਚ ਆਉਣਗੇ, ਉਨ੍ਹਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਿਆਇ ਦੀ ਉਡੀਕ ‘ਚ ਪੀੜਤ ਪਰਿਵਾਰ ਜਸਵੀਰ ਕੌਰ ਅਤੇ ਉਸਦਾ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ ਕਿ ਉਨ੍ਹਾਂ ਨਾਲ ਹੋਈ ਜ਼ਿਆਦਤੀ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇ ਅਤੇ ਉਨ੍ਹਾਂ ਨੂੰ ਮੁੜ ਆਪਣੇ ਘਰ ਵਿਚ ਵਸਣ ਦਾ ਹੱਕ ਮਿਲੇ।
URL Copied